ਘੱਲੂਘਾਰਾ ਸਾਹਿਬ, 4 ਸਤੰਬਰ (ਮਿਨਹਾਸ)-ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਪੰਜਾਬ ਅੰਦਰ ਫ਼ਸਲਾਂ ਦਾ ਵੱਡਾ ਨੁਕਸਾਨ ਤੇ ਮਕਾਨ ਢਹਿ-ਢੇਰੀ ਹੋ ਰਹੇ ਹਨ, ਉਥੇ ਪਿੰਡ ਚੱਕ ਸ਼ਰੀਫ਼ ਪਸ਼ੂ ਹਸਪਤਾਲ ਦੀ ਇਮਾਰਤ ਦੀ ਹਾਲਤ ਖ਼ਸਤਾ ਹੋਣ ਕਾਰਨ ਮੀਂਹ ਪੈਣ ਤੇ ਇਮਾਰਤ ਥਾਂ-ਥਾਂ ਤੋਂ ਤਿ੍ਪ-ਤਿ੍ਪ ਕਰ ਰਹੀ ਹੈ | ਇਸ ਸਬੰਧੀ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਬਣੇ ਪਸ਼ੂ ਹਸਪਤਾਲ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਮਾਰਤ ਤਕਰੀਬਨ 40 ਕੁ ਸਾਲ ਪੁਰਾਣੀ ਹੈ ਤੇ ਆਪਣੀ ਉਮਰ ਹੰਢਾ ਚੁੱਕੀ ਹੈ | ਲਗਾਤਾਰ ਬਾਰਿਸ਼ ਪੈਣ ਦੇ ਕਾਰਨ ਹਸਪਤਾਲ ਦੀ ਇਮਾਰਤ ਥਾਂ-ਥਾਂ ਤੋਂ ਚੋਅ ਰਹੀ ਹੈ ਤੇ ਇਸ ਦਾ ਲੈਂਟਰ ਦੇ ਚੇਪਰੇ ਟੁੱਟ ਕੇ ਹੇਠਾਂ ਡਿੱਗ ਰਹੇ ਹਨ | ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਦੀਆਂ ਕੰਧਾਂ ਵੀ 3-3 ਫੁੱਟ ਬਾਹਰ ਨੂੰ ਨਿਕਲ ਗਈ ਹੈ, ਜਿਸ ਕਾਰਨ ਕਿਸੇ ਵੇਲੇ ਵੀ ਕੰਧਾਂ ਡਿੱਗ ਸਕਦੀਆਂ ਹਨ | ਬਰਸਾਤ ਦੇ ਦਿਨਾਂ 'ਚ ਖ਼ਸਤਾ ਪਸ਼ੂ ਹਸਪਤਾਲ ਸਟਾਫ਼, ਪਸ਼ੂ ਪਾਲਕ ਲਈ, ਜੋ ਪਸ਼ੂ ਲੈ ਕੇ ਆਉਂਦੇ ਲਈ ਖ਼ਤਰਾ ਬਣ ਜਾਂਦਾ ਹੈ | ਪਿੰਡ ਦੇ ਸਰਪੰਚ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਪੰਜਾਬ ਸਰਕਾਰ, ਬੀ.ਡੀ.ਪੀ.ਓ. ਕਾਹਨੂੰਵਾਨ, ਡੀ.ਡੀ.ਪੀ.ਓ. ਗੁਰਦਾਸਪੁਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਹਸਪਤਾਲ ਦੀ ਇਮਾਰਤ ਦਾ ਨਿਰੀਖਣ ਕਰਵਾ ਕੇ ਇਮਾਰਤ ਨੂੰ ਦੁਬਾਰਾ ਬਣਾਇਆ ਜਾਵੇ | ਇਸ ਮੌਕੇ ਸੁਰਿੰਦਰ ਪੱਪੂ, ਬਾਬਾ ਮੱਖਣ ਸ਼ਾਹ ਲੁਬਾਣਾ ਯੂਥ ਚੇਅਰਮੈਨ, ਹਜੂਰ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ |