ਗੁਰਦਾਸਪੁਰ, 4 ਸਤੰਬਰ (ਅਸ਼ੋਕ ਸ਼ਰਮਾ)-ਭਾਰੀ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਜਿਥੇ ਸਰਕਾਰੀ ਦਫ਼ਤਰਾਂ ਅੰਦਰ ਸਾਰਾ ਰਿਕਾਰਡ ਖ਼ਰਾਬ ਹੋ ਗਿਆ ਹੈ, ਉੱਥੇ ਕਈ ਦਫ਼ਤਰਾਂ ਦੀਆਂ ਇਮਾਰਤਾਂ 'ਚ ਤਰੇੜਾਂ ਆਉਣ ਕਾਰਨ ਮੁਲਾਜ਼ਮਾਂ ਦਾ ਕਮਰਿਆਂ ਅੰਦਰ ਬੈਠਣਾ ਮੁਸ਼ਕਿਲ ਹੋ ਗਿਆ ਹੈ | ਪਾਵਰਕਾਮ ਮੰਡਲ ਗੁਰਦਾਸਪੁਰ ਦੇ ਦਫ਼ਤਰ ਦਾ ਵੀ ਇਹੀ ਹਾਲ ਹੈ | ਇਸ ਦਫ਼ਤਰ ਦੀਆਂ ਮੀਂਹ ਕਾਰਨ ਛੱਤਾਂ ਚੋਂਦੀਆਂ ਹਨ, ਜਿਸ ਨਾਲ ਦਫ਼ਤਰ ਦਾ ਸਾਰਾ ਸਰਕਾਰੀ ਅਤੇ 66 ਕੇ.ਵੀ ਸਬ ਡਵੀਜ਼ਨਾਂ ਦਾ ਰਿਕਾਰਡ ਖ਼ਰਾਬ ਹੋ ਗਿਆ ਹੈ, ਉੱਥੇ ਮੁਲਾਜ਼ਮਾਂ ਦੇ ਬੈਠਣ ਲਈ ਜਗਾ ਵੀ ਨਹੀਂ ਮਿਲ ਰਹੀ | ਜਿਸ ਕਰਕੇ ਦਫ਼ਤਰ ਦਾ ਸਾਰਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ | ਇਸ ਸਬੰਧੀ ਪਾਵਰਕਾਮ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤੇ ਮੁਲਾਜ਼ਮਾਂ ਨੇ ਦੱਸਿਆ ਕਿ ਡਵੀਜ਼ਨ ਗੁਰਦਾਸਪੁਰ ਦੀ ਇਮਾਰਤ ਕਾਫ਼ੀ ਪੁਰਾਣੀ ਹੋ ਚੁੱਕੀ ਹੈ, ਜਿਸ ਦੀ ਸਾਂਭ ਸੰਭਾਲ ਲਈ ਕਿਸੇ ਵਲੋਂ ਧਿਆਨ ਨਹੀਂ ਦਿੱਤਾ ਗਿਆ | ਜਿਸ ਕਰਕੇ ਹੁਣ ਬਰਸਾਤਾਂ ਦੇ ਦਿਨਾਂ ਵਿਚ ਰਿਕਾਰਡ ਤੇ ਹੋਰ ਸਮਾਨ ਜਿਵੇਂ ਫ਼ਰਨੀਚਰ, ਲੱਕੜ ਦੀਆਂ ਅਲਮਾਰੀਆਂ, ਟੇਬਲ, ਕੰਪਿਊਟਰ, ਸਕੈਨਰ ਤੋਂ ਇਲਾਵਾ ਬਿਜਲੀ ਉਪਕਰਨ ਖ਼ਰਾਬ ਹੋ ਗਏ ਹਨ ਅਤੇ ਸਲਾਬ ਕਾਰਨ ਕੰਧਾਂ 'ਚੋਂ ਕਰੰਟ ਆਉਣ ਕਰਕੇ ਮੁਲਾਜ਼ਮਾਂ ਨੰੂ ਕੰਮ ਕਰਨ ਵਿਚ ਪ੍ਰੇਸ਼ਾਨੀ ਆ ਰਹੀ ਹੈ, ਉਥੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦਾ ਵੱਖ ਵੱਖ 1500 ਤੋਂ 2000 ਦੇ ਕਰੀਬ ਰਿਕਾਰਡ ਭਿੱਜ ਕੇ ਬਰਬਾਦ ਹੋ ਗਿਆ ਹੈ | ਇੱਥੋਂ ਤੱਕ ਕਿ ਮੁਲਾਜ਼ਮਾਂ ਵਲੋਂ ਆਪਣੇ ਪੱਧਰ 'ਤੇ ਤਰਪਾਲਾਂ ਪਾ ਕੇ ਰਿਕਾਰਡ ਨੰੂ ਢੱਕਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਲਿਆਂਦਾ ਹੈ | ਪਰ ਅਧਿਕਾਰੀਆਂ ਵਲੋਂ ਧਿਆਨ ਨਾ ਦੇਣ ਕਾਰਨ ਹੁਣ ਦਫ਼ਤਰ ਦੀ ਹਾਲਤ ਬਦਤਰ ਬਣ ਗਈ ਹੈ | ਉਨ੍ਹਾਂ ਦੱਸਿਆ ਕਿ ਦਫ਼ਤਰ ਦੇ ਆਲੇ ਦੁਆਲੇ ਗੰਦਗੀ ਅਤੇ ਘਾਹ ਬੂਟੀ ਨਾਲ ਪੈਦਾ ਹੋਏ ਮੱਖੀਆਂ ਮੱਛਰ ਕਾਰਨ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਚੇਅਰਮੈਨ ਪਾਵਰਕਾਮ ਪਟਿਆਲਾ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਮੰਡਲ ਸਮੇਤ ਹੋਰ 66 ਕੇ.ਵੀ ਦਫ਼ਤਰਾਂ ਦੀ ਹਾਲਤ ਸੁਧਾਰਨ ਲਈ ਮਹਿਕਮੇ ਨੰੂ ਜਲਦ ਫ਼ੰਡ ਜਾਰੀ ਕੀਤੇ ਜਾਣ, ਜਿਸ ਨਾਲ ਸਰਕਾਰੀ ਇਮਾਰਤਾਂ ਦੀ ਹਾਲਤ ਸੁਧਾਰੀ ਜਾਵੇ, ਜਿਸ ਨਾਲ ਮੁਲਾਜ਼ਮਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ | ਜਦੋਂ ਇਸ ਸਬੰਧੀ ਐਕਸੀਅਨ ਪਾਵਰਕਾਮ ਇੰਜੀ: ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਰੱਖ ਰਖਾਅ ਵਿਭਾਗ ਅੰਮਿ੍ਤਸਰ ਨਾਲ ਕਈ ਵਾਰ ਪੱਤਰ ਵਿਵਹਾਰ ਕਰ ਚੁੱਕੇ ਹਾਂ ਅਤੇ ਉਮੀਦ ਹੈ ਕਿ ਉਹ ਜਲਦ ਇਮਾਰਤਾਂ ਦੀ ਹਾਲਤ ਸੁਧਾਰਨ ਨੰੂ ਤਰਜੀਹ ਦੇਣਗੇ |