ਗੁਰਦਾਸਪੁਰ, 5 ਸਤੰਬਰ (ਗੁਰਪ੍ਰਤਾਪ ਸਿੰਘ)-ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਾਣੀ ਦੂਸ਼ਿਤ ਹੋਣ ਕਾਰਨ ਲੋਕਾਂ ਨੰੂ ਦਸਤ, ਚਮੜੀ ਰੋਗ ਸਮੇਤ ਕਈ ਹੋਰ ਬਿਮਾਰੀ ਫੈਲਣ ਦਾ ਖਤਰਾ ਬਣ ਗਿਆ ਹੈ | ਜਿਸ ਦੇ ਚੱਲਦਿਆਂ ਗੁਰਦਾਸਪੁਰ ਮੈਡੀਸਿਟੀ ਹਸਪਤਾਲ ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਹੁੰਚ ਕੇ ਲੋਕਾਂ ਨੰੂ ਇਨ੍ਹਾਂ ਤੋਂ ਜਾਣੂ ਕਰਵਾਇਆ ਗਿਆ | ਡਾਕਟਰਾਂ ਦੀ ਟੀਮ ਵਲੋਂ ਇਨ੍ਹਾਂ ਪਿੰਡਾਂ ਵਿਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਮੌਕੇ 'ਤੇ ਮੁਫ਼ਤ ਦਵਾਈਆਂ ਤੇ ਸਮਗਰੀ ਵੰਡੀ ਗਈ | ਇਸ ਮੌਕੇ ਮਾਹਿਰ ਡਾ: ਮਨਜੀਤ ਸਿੰਘ ਬੱਬਰ ਨੇ ਦੱਸਿਆ ਕਿ ਬੇਸ਼ੱਕ ਹੜ੍ਹਾਂ ਦਾ ਪਾਣੀ ਪਿੰਡਾਂ ਵਿਚ ਘੱਟ ਗਿਆ ਹੈ | ਪਰ ਹੜ੍ਹਾਂ ਕਾਰਨ ਫੈਲੀ ਗੰਦਗੀ ਭਿਆਨਕ ਬਿਮਾਰੀਆਂ ਨੰੂ ਜਨਮ ਦੇ ਸਕਦੀ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਲਗਾਏ ਕੈਂਪਾਂ ਦੌਰਾਨ 223 ਲੋਕਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਹੈ ਅਤੇ ਨਾਲ ਹੀ ਮੁਫ਼ਤ ਦਵਾਈਆਂ, ਪਾਣੀ ਤੇ ਹੋਰ ਸਮੱਗਰੀ ਵੀ ਵੰਡੀ ਗਈ ਹੈ | ਉਨ੍ਹਾਂ ਵਲੋਂ ਲੋਕਾਂ ਨੰੂ ਇਸ ਸਬੰਧੀ ਸੁਚੇਤ ਰਹਿਣ ਅਤੇ ਸਫਾਈ ਰੱਖਣ ਦੀ ਹਦਾਇਤ ਕੀਤੀ ਗਈ |