ਗੁਰਦਾਸਪੁਰ, 5 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਯਤਨ ਲਗਾਤਾਰ ਜਾਰੀ ਹਨ | ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਚਾਇਤ ਭਵਨ ਵਿਖੇ ਬਣਾਏ ਸਹਾਇਤਾ ਕੇਂਦਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਸਮਗਰੀ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ | ਇਸ ਕੇਂਦਰ ਵਲੋਂ ਹੁਣ ਤੱਕ 5000 ਤੋਂ ਵੱਧ ਰਾਸ਼ਨ ਕਿੱਟਾਂ ਤੇ ਹੋਰ ਲੋੜੀਂਦਾ ਸਮਾਨ ਵੰਡਣ ਲਈ ਭੇਜਿਆ ਜਾ ਚੁੱਕਾ ਹੈ | ਨੋਡਲ ਅਫ਼ਸਰ ਨਵਜੋਤ ਸ਼ਰਮਾ ਨੇ ਦੱਸਿਆ ਕਿ ਇਸ ਕੇਂਦਰ ਤੋਂ ਹੁਣ ਤੱਕ 5000 ਤੋਂ ਵੱਧ ਰਾਸ਼ਨ ਦੀਆਂ ਕਿੱਟਾਂ, ਸੁੱਕੇ ਦੁੱਧ ਦੇ ਪੈਕੇਟ, ਬੱਚਿਆਂ ਲਈ ਬਿਸਕੁਟ, ਕੱਪੜੇ, ਵੱਡੀ ਮਾਤਰਾ 'ਚ ਸੈਨੇਟਰੀ ਪੈਡ ਅਤੇ ਹੋਰ ਘਰੇਲੂ ਜ਼ਰੂਰਤ ਦਾ ਸਮਾਨ ਭੇਜਿਆ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਵਲੋਂ ਤਰਪਾਲਾਂ ਅਤੇ 470 ਕੁਇੰਟਲ ਪਸ਼ੂਆਂ ਲਈ ਚਾਰਾ ਵੀ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਐੱਸ.ਡੀ.ਐੱਮਜ਼ ਵਲੋਂ ਰਾਹਤ ਸਮਗਰੀ ਦੀ ਜੋ ਡਿਮਾਂਡ ਆਉਂਦੀ ਹੈ, ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਵਲੋਂ ਉਸ ਨੂੰ ਪੂਰਾ ਕੀਤਾ ਜਾਂਦਾ ਹੈ | ਆਰ.ਟੀ.ਓ ਨਵਜੋਤ ਸ਼ਰਮਾ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਦੇਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਜ਼ਰੂਰ ਕਰਨ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਇਲਾਕੇ ਵਿਚ ਮਦਦ ਦੀ ਜ਼ਿਆਦਾ ਜ਼ਰੂਰਤ ਹੈ ਅਤੇ ਹੜ੍ਹ ਪੀੜਤਾਂ ਦੀਆਂ ਲੋੜਾਂ ਕੀ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਹਾਇਤਾ ਕੇਂਦਰ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਸਮੇਂ ਹਾਜ਼ਰ ਹੈ |