ਪਠਾਨਕੋਟ, 22 ਸਤੰਬਰ (ਸੰਧੂ)-ਉਡਾਨ ਐਜੂਕੇਸ਼ਨ ਸੁਸਾਇਟੀ ਦੀ ਮੀਟਿੰਗ ਸਥਾਨਕ ਦਫ਼ਤਰ ਵਿਖੇ ਸੰਸਥਾ ਦੇ ਪ੍ਰਧਾਨ ਸ਼ਿਆਮ ਚੱਢਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਮੁੱਚੀ ਕਮੇਟੀ ਵਲੋਂ ਫੈਸਲਾ ਲਿਆ ਗਿਆ ਕਿ ਸੰਸਥਾ 26 ਸਤੰਬਰ ਨੂੰ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ 1 ਲੱਖ ਰੁਪਏ ਦੇ ਵਜ਼ੀਫ਼ੇ ਪ੍ਰਦਾਨ ਕਰੇਗੀ | ਸਭਾ ਦੇ ਪ੍ਰਧਾਨ ਸ਼ਿਆਮ ਚੱਢਾ ਨੇ ਕਿਹਾ ਕਿ ਜੋ ਵਿਦਿਆਰਥੀ ਵਿੱਤੀ ਤੰਗੀਆਂ ਕਾਰਨ ਆਪਣੀ ਪੜ੍ਹਾਈ ਸੁਚਾਰੂ ਢੰਗ ਨਾਲ ਜਾਰੀ ਨਹੀਂ ਰੱਖ ਸਕਦੇ, ਉਹ ਸਕਾਲਰਸ਼ਿਪ ਲਈ ਸਿੱਧੇ ਸਭਾ ਪ੍ਰਧਾਨ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸਭਾ ਦਾ ਉਦੇਸ਼ ਪਠਾਨਕੋਟ ਨੂੰ ਭਾਰਤ ਦਾ ਸਭ ਤੋਂ ਵੱਧ ਪੜਿ੍ਹਆ-ਲਿਖਿਆ ਜ਼ਿਲ੍ਹਾ ਬਣਾਉਣਾ ਹੈ | ਉਨ੍ਹਾਂ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਹੋਣਹਾਰ ਅਤੇ ਲੋੜਵੰਦ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਉਡਾਨ ਐਜੂਕੇਸ਼ਨ ਸੁਸਾਇਟੀ ਦਾ ਸਹਿਯੋਗ ਕਰਨ | ਇਸ ਮੌਕੇ ਪਿ੍ੰਸੀਪਲ ਵਿਜੇ ਸ਼ਰਮਾ, ਸੇਵਾ ਮੁਕਤ ਪਿ੍ੰਸੀਪਲ ਰਣਜੀਤ ਸਿੰਘ ਰੰਧਾਵਾ, ਊਸ਼ਾ ਚੱਢਾ, ਪੀ.ਆਰ. ਪਾਸੀ, ਸਿਧਾਰਥ ਸ਼ਰਮਾ, ਰਵਿੰਦਰ ਗੁਪਤਾ ਆਦਿ ਹਾਜ਼ਰ ਸਨ |