ਬਟਾਲਾ, 23 ਸਤੰਬਰ (ਰਾਕੇਸ਼ ਰੇਖੀ)-ਪਿੰਡ ਬੱਜੂਮਾਨ ਵਿਖੇ ਨਸ਼ਾ ਤਸਕਰ ਦੀ ਤਾਲਾਸ਼ ਵਿਚ ਗਈ ਪੁਲਿਸ ਪਾਰਟੀ 'ਤੇ ਤਸਕਰ ਦੇ ਪਰਿਵਾਰ ਤੇ ਹੋਰ ਲੋਕਾਂ ਨੇ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਹਵਲਦਾਰ ਦੀ ਵਰਦੀ ਪਾੜ ਦਿੱਤੀ ਗਈ | ਪੁਲਿਸ ਨੇ 3 ਔਰਤਾਂ ਸਮੇਤ 7 ਨਾਮਜ਼ਦ ਅਤੇ ਕਰੀਬ ਅੱਧਾ ਦਰਜਨ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਦੇ ਏ.ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਸ਼ੇਖੂਪੁਰਾ ਵਿਚ ਤਾਇਨਾਤ ਹਵਲਦਾਰ ਮਨਪ੍ਰੀਤ ਸਿੰਘ ਦੇ ਬਿਆਨ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਚੌਕੀ ਸ਼ੇਖੂਪੁਰਾ ਦੇ ਇੰਚਾਰਜ ਏ.ਐੱਸ.ਆਈ. ਰਮੇਸ਼ ਕੁਮਾਰ ਦੀ ਅਗਵਾਈ ਵਿਚ ਏ.ਐੱਸ.ਆਈ. ਸੁਖਦੇਵ ਰਾਜ, ਹਵਲਦਾਰ ਮਨਪ੍ਰੀਤ ਸਿੰਘ, ਹਵਲਦਾਰ ਲਵਜੋਤ ਸਿੰਘ, ਹਵਾਲਦਾਰ ਤਲਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਪਿੰਡ ਬੱਜੂਮਾਨ ਦੇ ਰਹਿਣ ਵਾਲੇ ਲੋੜੀਂਦੇ ਦੋਸ਼ੀ ਦਲੇਰ ਸਿੰਘ ਉਰਫ਼ ਵਿਜੇ ਬਾਰੇ ਸੂਚਨਾ ਮਿਲਣ 'ਤੇ ਉਸ ਨੂੰ ਕਾਬੂ ਕਰਨ ਲਈ ਗਈ ਸੀ | ਪੁਲਿਸ ਕਰਮਚਾਰੀਆਂ ਨੇ ਦਲੇਰ ਸਿੰਘ ਉਰਫ਼ ਵਿਜੇ ਨੂੰ ਪਹਿਚਾਣ ਲਿਆ ਅਤੇ ਕਾਬੂ ਕਰ ਲਿਆ ਤਾਂ ਉਸ ਨੇ ਪੁਲਿਸ ਪਾਰਟੀ ਨਾਲ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ ਅਤੇ ਰੌਲਾ ਪਾ ਦਿੱਤਾ | ਇਸ ਤੋਂ ਬਾਅਦ ਦਲੇਰ ਸਿੰਘ ਦਾ ਭਰਾ ਸਮਸ਼ੇਰ ਸਿੰਘ ਮਾਂ ਜਸਬੀਰ ਕੌਰ, ਗਵਾਂਢੀ ਗੁਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਉਰਫ਼ ਬੁੱਟਰ, ਪ੍ਰੀਤ ਕੌਰ ਅਤੇ ਪਰਮਜੀਤ ਕੌਰ ਉਰਫ਼ ਪੰਮੀ ਤੋਂ ਇਲਾਵਾ ਕਰੀਬ ਅੱਧਾ ਦਰਜਨ ਅਣਪਛਾਤੇ ਲੋਕ ਜਿਨਾਂ ਵਿਚ ਔਰਤਾਂ ਅਤੇ ਮਰਦ ਸ਼ਾਮਿਲ ਸਨ, ਉਨ੍ਹਾਂ ਨੇ ਆਪਣੇ ਹਥਿਆਰਾਂ ਨਾਲ ਆ ਕੇ ਦਲੇਰ ਸਿੰਘ ਉਰਫ਼ ਵਿਜੇ ਨੂੰ ਛੁਡਾਉਣ ਲਈ ਪੁਲਿਸ ਕਰਮਚਾਰੀਆਂ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ | ਹਮਲਾਵਰਾਂ ਨੇ ਹਵਾਲਦਾਰ ਤਲਵਿੰਦਰ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਹਵਾਲਦਾਰ ਮਨਪ੍ਰੀਤ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ | ਹਮਲਾਵਰ ਦੋਸ਼ੀ ਦਲੇਰ ਸਿੰਘ ਉਰਫ਼ ਵਿਜੇ ਨੂੰ ਪੁਲਿਸ ਦੀ ਗਿ੍ਫ਼ਤ ਵਿਚੋਂ ਛੁਡਾ ਕੇ ਫ਼ਰਾਰ ਹੋ ਜਾਣ ਵਿਚ ਸਫ਼ਲ ਹੋ ਗਏ | ਪੁਲਿਸ ਨੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |