ਬਟਾਲਾ, 23 ਸਤੰਬਰ (ਰਾਕੇਸ਼ ਰੇਖੀ)-ਪਰਿਵਾਰ ਨੂੰ ਵਿਦੇਸ਼ ਭੇਜ ਕੇ ਉਥੇ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪਰਿਵਾਰ ਦੀ ਰਿਸ਼ਤੇਦਾਰ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਘੁਮਾਣ 'ਚ ਦਰਜ ਮਾਮਲੇ ਦੇ ਜਾਂਚ ਅਧਿਕਾਰੀ ਡੀ.ਐੱਸ.ਪੀ. ਹਰੀਸ਼ ਬਹਿਲ ਨੇ ਦੱਸਿਆ ਕਿ ਪਿੰਡ ਬੋਹਜਾ ਦੇ ਰਹਿਣ ਵਾਲੇ ਮੋਹਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪਰਿਵਾਰ ਸਮੇਤ ਵਿਦੇਸ਼ ਜਾ ਕੇ ਉਥੇ ਸੈਟਲ ਹੋਣਾ ਚਾਹੁੰਦਾ ਸੀ | ਇਸ ਸਿਲਸਲੇ ਵਿਚ ਉਸ ਦੀ ਰਿਸ਼ਤੇ ਵਿਚ ਲਗਦੀ ਸਾਲੇਹਾਰ ਸੰਦੀਪ ਕੌਰ ਵਾਸੀ ਪਿੰਡ ਖੁਜਾਲਾ ਨਾਲ ਉਸ ਦੀ ਗੱਲਬਾਤ ਹੋਈ | ਸੰਦੀਪ ਕੌਰ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਵਿਦੇਸ਼ ਵਿਚ ਸੈਟਲ ਕਰਵਾ ਸਕਦੀ ਹੈ, ਜਿਸ ਲਈ 20 ਲੱਖ ਰੁਪਏ ਦੇਣੇ ਪੈਣਗੇ | ਮੋਹਨ ਸਿੰਘ ਅਨੁਸਾਰ ਉਹ ਇਸ ਲਈ ਰਾਜ਼ੀ ਹੋ ਗਿਆ ਤੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਮਿਲੇ 15 ਲੱਖ ਰੁਪਏ ਤੇ 5 ਲੱਖ ਰੁਪਏ ਕਰਜ਼ ਲੈ ਕੇ ਕੁੱਲ 20 ਲੱਖ ਰੁਪਏ ਉਸ ਨੇ ਸੰਦੀਪ ਕੌਰ ਨੂੰ ਦੇ ਦਿੱਤੇ, ਪਰ ਕਾਫ਼ੀ ਸਮਾਂ ਬੀਤ ਜਾਣ 'ਤੇ ਨਾ ਤਾਂ ਪਰਿਵਾਰ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ | ਮੋਹਨ ਸਿੰਘ ਦੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਐੱਸ.ਐੱਸ.ਪੀ. ਦੇ ਹੁਕਮ 'ਤੇ ਸੰਦੀਪ ਕੌਰ ਵਾਸੀ ਖੁਜਾਲਾ ਦੇ ਖ਼ਿਲਾਫ਼ ਮਾਨਵ ਤਸਕਰੀ ਰੋਕਣ ਦੇ ਐਕਟ ਦੇ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |