ਗੁਰਦਾਸਪੁਰ, 23 ਸਤੰਬਰ (ਚੱਕਰਾਜਾ)-ਆਪਣਾ ਪੰਜਾਬ ਫਾਊਾਡੇਸ਼ਨ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ 'ਤੇ ਪਿ੍ੰਸੀਪਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਪੰਜਾਬੀ ਪਹਿਰਾਵੇ 'ਚ ਆਏ, ਜਿਨ੍ਹਾਂ ਨੇ ਨਿਰੋਲ ਪੰਜਾਬੀ ਭਾਸ਼ਾ 'ਚ ਗੱਲਬਾਤ ਕੀਤੀ | ਇਸ ਦੌਰਾਨ ਹਰ ਇਕ ਵਿਦਿਆਰਥੀ ਨੇ ਇਕ ਪੰਨਾ ਗੁਰਮੁਖੀ ਲਿਪੀ ਦਾ ਸੁੰਦਰ ਲਿਖਾਈ 'ਚ ਲਿਖ ਕੇ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤਾ | ਇਸ ਮੌਕੇ ਕਵਿਤਾ ਉਚਾਰਨ, ਕਾਵਿ ਲੇਖਣ, ਨਿਬੰਧ ਲੇਖਣ, ਕਹਾਣੀ ਰਚਨਾ, ਵਾਦਵਿਵਾਦ, ਭਾਸ਼ਣ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ, ਸ਼ਬਦ ਜੋੜ, ਬੋਲਲਿਖਤ, ਸਵਾਲਜਵਾਬ, ਪੋਸਟਰ ਬਣਾਉਣ, ਪੰਜਾਬੀ ਭਾਸ਼ਾ 'ਚ ਨਾਅਰਾ ਲਿਖਣਾ, ਅੱਖਰਕਾਰੀ ਆਦਿ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਡਾ: ਜਗਜੀਤ ਸਿੰਘ ਧੂਰੀ ਮੁਤਾਬਿਕ ਸਦੀਆਂ ਤੋਂ ਪੰਜਾਬੀਆਂ ਦੀ ਸੱਭਿਆਚਾਰਕ ਤੇ ਸਾਹਿਤਕ ਬੋਲੀ ਦਾ ਹੱਕ ਬਣਦਾ ਹੈ ਕਿ ਵਿਸ਼ਵ 'ਚ ਵੱਸਦੇ ਸਮੂਹ ਪੰਜਾਬੀ ਹਰ ਸਾਲ ਇਕ ਦਿਨ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ | ਇਸੇ ਤਹਿਤ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਬਾਬਾ ਫ਼ਰੀਦ ਦੇ ਆਗਮਨ ਦਿਵਸ ਨੂੰ ਸਮਰਪਿਤ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਪੰਜਾਬੀ ਦੇ ਪਹਿਲੇ ਸਿਰਮੌਰ ਕਵੀਆਂ 'ਚੋਂ ਹਨ, ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਨ ਦੇ ਕੇ ਸਤਿਕਾਰਿਆ ਗਿਆ ਹੈ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |