ਪਠਾਨਕੋਟ, 24 ਸਤੰਬਰ (ਵਿਨੋਦ)-ਪਿਛਲੇ ਦਿਨਾਂ ਅੰਦਰ ਜਿੱਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ, ਉੱਥੇ ਹੀ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਉਜ ਦਰਿਆ, ਜਲਾਲੀਆ ਤੇ ਰਾਵੀ ਦਰਿਆ ਦੇ ਪਾਣੀਆਂ ਨੇ ਵਿਧਾਨ ਸਭਾ ਹਲਕਾ ਭੋਆ ਦੇ ਕਾਫ਼ੀ ਪਿੰਡਾਂ ਨੂੰ ਆਪਣੀ ਮਾਰ ਹੇਠ ਲਿਆ | ਜਿਸ ਦੇ ਚੱਲਦਿਆਂ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਤੇ ਕਰੀਬ ਦੋ ਹਜ਼ਾਰ ਹੈਕਟਰ ਤੋਂ ਜ਼ਿਆਦਾ ਭੂਮੀ ਅੰਦਰ ਰੇਤਾ, ਬੱਜਰੀ ਅਤੇ ਹੋਰ ਖਣਿਜ ਪਦਾਰਥਾਂ ਦੇ ਨਾਲ ਜ਼ਮੀਨ ਨੂੰ ਪ੍ਰਭਾਵਿਤ ਕੀਤਾ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉਪਲ ਵਲੋਂ ਦੱਸਿਆ ਗਿਆ ਕਿ ਅੱਜ ਕੇਂਦਰ ਵਲੋਂ ਬਣਾਈ ਗਈ ਵਿਸ਼ੇਸ਼ ਟੀਮ ਵਲੋਂ ਜ਼ਿਲ੍ਹਾ ਪਠਾਨਕੋਟ ਅੰਦਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੇ ਲਈ ਪਿੰਡ ਤਾਸ, ਮਾਖਨਪੁਰ, ਬਰਮਾਲ ਜੱਟਾਂ, ਪਹਾੜੀਪੁਰ ਤੇ ਅਦਾਲਤਗੜ੍ਹ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਨਿਰਧਾਰਿਤ ਕੀਤੀ ਟੀਮ ਅੰਦਰ ਚੇਅਰਮੈਨ ਅਨਿਲ ਖੇਪਰ, ਟੀਮ ਮੈਂਬਰ ਡਾ: ਸੁਭਾਸ਼ ਚੰਦਰਾ, ਰਾਮ ਪ੍ਰਕਾਸ਼ ਮੀਨਾ, ਜੀ.ਐਸ. ਢਿੱਲੋਂ ਮੰਡਲ ਭੂਮੀ ਰੱਖਿਆ ਅਫ਼ਸਰ, ਵਿਭਾਗੀ ਅਧਿਕਾਰੀ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ: ਜੰਗੀਰ ਸਿੰਘ, ਮੰਡਲ ਭੂਮੀ ਰੱਖਿਆ ਅਫ਼ਸਰ ਪਠਾਨਕੋਟ ਗੁਰਪ੍ਰੀਤ ਸਿੰਘ, ਮੰਡਲ ਭੂਮੀ ਰੱਖਿਆ ਅਫ਼ਸਰ ਗੁਰਦਾਸਪੁਰ ਗੁਰਵਿੰਦਰ ਸਿੰਘ ਗਿੱਲ, ਕੇਵਲ ਕਿ੍ਸ਼ਨ ਭੂਮੀ ਰੱਖਿਆ ਅਫ਼ਸਰ ਨਰੋਟ ਜੈਮਲ ਸਿੰਘ ਅਤੇ ਹੋਰ ਵੀ ਸਬੰਧਿਤ ਵਿਭਾਗੀ ਅਧਿਕਾਰੀ ਹਾਜ਼ਰ ਸਨ | ਟੀਮ ਮੈਂਬਰਾਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਹੜ੍ਹਾਂ ਕਾਰਨ ਜ਼ਿਲ੍ਹਾ ਪਠਾਨਕੋਟ ਦਾ ਜੋ ਹੜ੍ਹ ਪ੍ਰਭਾਵਿਤ ਖੇਤਰ ਹੈ, ਉਸ ਦਾ ਪੂਰੀ ਟੀਮ ਵਲੋਂ ਦੌਰਾ ਕੀਤਾ ਗਿਆ ਹੈ | ਹੜ੍ਹ ਪ੍ਰਭਾਵਿਤ ਖੇਤਰ ਅੰਦਰ ਜਿੱਥੇ ਖੇਤੀ ਯੋਗ ਜ਼ਮੀਨ ਤੇ ਰੇਤਾ, ਬੱਜਰੀ, ਸਿਲਟ ਆਦਿ ਜਮ੍ਹਾਂ ਹੋ ਗਈ ਹੈ, ਉਸ ਨੂੰ ਸਾਫ਼ ਕਰਵਾਉਣ ਲਈ ਅਨੁਮਾਨਿਤ ਆਉਣ ਵਾਲੇ ਖ਼ਰਚ ਸਬੰਧੀ ਸਰਵੇ ਕੀਤਾ ਗਿਆ ਹੈ | ਜਿਸ ਦੀ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜੀ ਜਾਵੇਗੀ ਤਾਂ ਜੋ ਨਿਰਧਾਰਿਤ ਸਮੇਂ ਅੰਦਰ ਖੇਤਾਂ ਅੰਦਰ ਜਮ੍ਹਾਂ ਖਣਿਜ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਜੋ ਕਿਸਾਨ ਆਪਣੀ ਜ਼ਮੀਨ 'ਤੇ ਫਿਰ ਤੋਂ ਖੇਤੀ ਕਰ ਸਕਣ |