ਨਰੋਟ ਮਹਿਰਾ, 24 ਸਤੰਬਰ (ਰਾਜ ਕੁਮਾਰੀ)-ਸਰਨਾ ਦੇ ਨਜ਼ਦੀਕ ਸਥਿਤ ਬਾਬਾ ਵਡਭਾਗ ਸਿੰਘ ਕਾਲੋਨੀ ਨਿਵਾਸੀਆਂ ਨੂੰ 50 ਸਾਲ ਬਾਅਦ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦੇ ਉਪਰਾਲਿਆਂ ਸਦਕਾ ਬਿਜਲੀ, ਪਾਣੀ ਤੇ ਹੋਰ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋਣ ਦੀ ਆਸ ਉਮੀਦ ਜਾਗ ਗਈ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਨੇ ਦੱਸਿਆ ਕਿ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦੇ ਆਦੇਸ਼ਾਂ ਅਨੁਸਾਰ ਅੱਜ ਆਮ ਆਦਮੀ ਪਾਰਟੀ ਦੀ ਇਕ ਟੀਮ ਵਲੋਂ ਸਰਨਾ ਦੇ ਨਜ਼ਦੀਕ ਸਥਿਤ ਬਾਬਾ ਵਡਭਾਗ ਸਿੰਘ ਕਾਲੋਨੀ ਵਿਖੇ ਵਿਜ਼ਟ ਕੀਤੀ ਗਈ | ਇਸ ਮੌਕੇ ਟੀਮ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਬਾਬਾ ਵਡਭਾਗ ਸਿੰਘ ਕਾਲੋਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 50 ਸਾਲਾਂ ਤੋਂ ਉਹ ਬਿਨ੍ਹਾਂ ਬਿਜਲੀ ਪਾਣੀ ਦੇ ਰਹਿ ਰਹੇ ਹਨ | ਸਰਕਾਰਾਂ ਆਉਂਦੀਆਂ ਤੇ ਚਲੀਆਂ ਜਾਂਦੀਆਂ ਹਨ, ਪਰ ਉਨ੍ਹਾਂ ਦੀ ਕਿਸੇ ਸਰਕਾਰ ਨੇ ਖ਼ਬਰ ਨਹੀਂ ਲਈ | ਉਨ੍ਹਾਂ ਦੱਸਿਆ ਕਿ ਮੌਕੇ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਕਾਲੋਨੀ ਅੰਦਰ ਬਿਜਲੀ ਦੀ ਸਪਲਾਈ ਦੇਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਅਤੇ ਪਾਣੀ ਦੀ ਸਮੱਸਿਆ ਦੇ ਹੱਲ ਲਈ 295 ਫੁੱਟ ਪਾਈਪ ਪਾਈ ਜਾਵੇਗੀ ਤੇ ਇਨ੍ਹਾਂ ਘਰਾਂ ਨੂੰ ਪੀਣ ਵਾਲਾ ਪਾਣੀ ਵੀ ਮਿਲ ਸਕੇਗਾ | ਉਨ੍ਹਾਂ ਕਿਹਾ ਕਿ ਹੋਰ ਵੀ ਜੋ ਬੁਨਿਆਦੀ ਜ਼ਰੂਰਤਾਂ ਦਾ ਸਮਾਨ ਇਨ੍ਹਾਂ ਕਾਲੋਨੀ ਵਾਸੀਆਂ ਦੀ ਜ਼ਰੂਰਤ ਹੋਵੇਗੀ ਉਹ ਵੀ ਜਲਦੀ ਹੀ ਪੂਰੀ ਕੀਤੀ ਜਾਵੇਗੀ |