ਤਾਰਾਗੜ੍ਹ, 24 ਸਤੰਬਰ (ਸੋਹਨ ਲਾਲ)-ਕਸਬਾ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਪੱਖੋਚੱਕ ਵਿਚ ਪਿੰਡ ਦੇ ਸਰਪੰਚ ਨਰੇਸ਼ ਸੈਣੀ ਨਿੱਕਾ ਦੀ ਅਗਵਾਈ ਹੇਠ ਇਕ ਆਮ ਇਜਲਾਸ ਕਰਵਾਇਆ ਗਿਆ | ਆਮ ਇਜਲਾਸ 'ਚ ਕੇਂਦਰ ਸਰਕਾਰ ਵਲੋਂ ਐਡੀਟਰ ਦੀਪਕ ਜਸਰੋਟੀਆ ਤੇ ਐਡੀਟਰ ਜਪਨੀਤ ਕੌਰ ਹਾਜ਼ਰ ਹੋਏ | ਉਨ੍ਹਾਂ ਪਿੰਡ ਦੇ ਇਕੱਠ ਨੂੰ ਕੇਂਦਰ ਸਰਕਾਰ ਵਲੋਂ ਮਿਲਣ ਵਾਲੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਲੋਕਾਂ ਨੂੰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਨਰੇਗਾ ਬਾਰੇ ਪੂਰੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਨਰੇਗਾ ਵਿਚ ਕੰਮ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਨਰੇਗਾ ਕਾਰਡ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਤੇ ਇਸ ਕਾਰਡ ਰਾਹੀਂ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਮਿਲਣ ਵਾਲੀਆਂ ਸੁਵਿਧਾਵਾਂ ਮਿਲਣਗੀਆਂ | ਐਡੀਟਰ ਦੀਪਕ ਜਸਰੋਟੀਆ ਨੇ ਦੱਸਿਆ ਕਿ ਹਰੇਕ ਪਿੰਡ ਵਿਚ ਕੇਂਦਰ ਸਰਕਾਰ ਵਲੋਂ ਇਕ ਆਮ ਇਜਲਾਸ ਕਰਵਾਇਆ ਜਾਵੇਗਾ ਅਤੇ ਉਸ ਦੀ ਵੀਡੀਓਗ੍ਰਾਫੀ ਵੀ ਹੋਵੇਗੀ | ਇਸ ਮੌਕੇ ਪਿੰਡ ਦਾ ਸਰਪੰਚ, ਪੰਚ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ |