ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਰੱਖੀ ਲੜੀਵਾਰ ਭੁੱਖ ਹੜਤਾਲ ਜਾਰੀ ਰਹੀ | ਅੱਜ ਡੈਮ ਔਸਤੀਆਂ ਨੇ ਪ੍ਰਧਾਨ ਜਸਵੰਤ ਸਿੰਘ ਸੰਧੂ ਅਤੇ ਰੌਸ਼ਨ ਲਾਲ ਭਗਤ ਦੀ ਅਗਵਾਈ ਹੇਠ ਸ਼ਾਹਪੁਰ ਕੰਢੀ ਡੈਮ ਦੇ ਅਧਿਕਾਰੀ ਨਿਗਰਾਨ ਇੰਜੀਨੀਅਰ ਕੁਲਵਿੰਦਰ ਸਿੰਘ ਤੇ ਨਿਗਰਾਨ ਇੰਜੀਨੀਅਰ ਐਡਮਿੰਨ ਹਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਮੰਗਾਂ ਤੋਂ ਜਾਣੂ ਕਰਵਾਇਆ | ਆਗੂ ਸੋਹਨ ਲਾਲ ਨੇ ਅਧਿਕਾਰੀਆਂ ਨੰੂ ਦੱਸਿਆ ਕਿ ਡੈਮ ਔਸਤੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪਿਛਲੇ 176 ਦਿਨ ਤੋਂ ਭੁੱਖ ਹੜਤਾਲ ਉਪਰ ਬੈਠੇ ਹੋਏ ਹਨ | ਇਨ੍ਹਾਂ ਲੋਕਾਂ ਦੀਆਂ ਜ਼ਮੀਨਾਂ, ਦੁਕਾਨਾਂ, ਪੋਲਟਰੀ ਫਾਰਮ ਸ਼ਾਹਪੁਰ ਕੰਢੀ ਡੈਮ ਦੀ ਝੀਲ ਦੇ ਨਿਰਮਾਣ ਲਈ ਐਕਵਾਇਰ ਕੀਤੇ ਸਨ | ਜਿਸ ਕਾਰਨ ਇਹ ਪ੍ਰਭਾਵਿਤ ਪਰਿਵਾਰ ਬੇਰੁਜ਼ਗਾਰ ਹੋ ਗਏ ਹਨ | ਸਰਕਾਰ ਵਲੋਂ ਜ਼ਮੀਨਾਂ ਦੇ ਪੈਸੇ ਬਹੁਤ ਘੱਟ ਦਿੱਤੇ ਗਏ ਤੇ ਅੱਜ ਤੱਕ ਕੋਈ ਉਜੜਨ ਭੱਤਾ ਜਾਂ ਸਮਾਨ ਦੇ ਪੈਸੇ ਨਹੀਂ ਮਿਲੇ | ਜਿਸ ਕਾਰਨ ਪ੍ਰਭਾਵਿਤ ਪਰਿਵਾਰ ਸੰਘਰਸ਼ ਕਰਨ ਲਈ ਮਜ਼ਬੂਰ ਹਨ | ਉਨ੍ਹਾਂ ਦੱਸਿਆ ਕਿ ਡੈਮ ਅਧਿਕਾਰੀਆਂ ਨੇ ਸਮੱਸਿਆਵਾਂ ਨੰੂ ਸੁਣ ਕੇ ਭਰੋਸਾ ਦਿੱਤਾ ਕਿ ਛੇਤੀ ਹੀ ਮਸਲਾ ਹੱਲ ਕਰ ਦਿੱਤਾ ਜਾਵੇਗਾ | ਇਸ ਵਫਦ ਵਿਚ ਅਵਦੇਸ਼ ਸ਼ਰਮਾ, ਅਮਿਤ ਸ਼ਰਮਾ, ਰਵਿੰਦਰ ਕੁਮਾਰ, ਰੋਹਿਤ ਕੁਮਾਰ, ਵਿਨੋਦ ਸ਼ਰਮਾ ਆਦਿ ਹਾਜ਼ਰ ਸਨ |