ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਪੈਂਦੇ ਕਸਬਾ ਪੁਰਾਣਾ ਸ਼ਾਲਾ ਦੇ ਇਕ ਨੌਜਵਾਨ ਦੀ ਅਮਰੀਕਾ ਦੇ ਸ਼ਹਿਰ ਡਿਆਨਾ (ਨਿਊਯਾਰਕ) ਵਿਖੇ ਅਚਾਨਕ ਮੌਤ ਹੋ ਗਈ | ਜਿਸ ਦੀ ਖ਼ਬਰ ਮਿਲਦਿਆਂ ਹੀ ਸਾਰੇ ਪਰਿਵਾਰ 'ਚ ਮਾਤਮ ਛਾ ਗਿਆ, ਉੱਥੇ ਹੀ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ | 2013 ਵਿਚ ਬਲਜਿੰਦਰ ਸਿੰਘ ਉਰਫ ਹਨੀ (31) ਪੁੱਤਰ ਇੰਸਪੈਕਟਰ ਤਰਲੋਚਨ ਸਿੰਘ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ | ਮਿ੍ਤਕ ਬਲਜਿੰਦਰ ਸਿੰਘ ਦੇ ਪਿਤਾ ਤਰਲੋਚਨ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਅਮਰਿੰਦਰ ਸਿੰਘ ਵੀ ਅਮਰੀਕਾ ਵਿਚ ਰਹਿੰਦਾ ਹੈ ਤੇ ਦੋਵੇਂ ਭਰਾਵਾਂ ਦਾ ਅਮਰੀਕਾ ਵਿਚ ਚੰਗਾ ਕੰਮਕਾਰ ਚੱਲ ਰਿਹਾ ਸੀ | ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਅਮਰੀਕਾ ਵਿਚ ਡਰਾਇਵਰੀ ਦੇ ਕਿੱਤੇ ਵਜੋਂ ਕੰਮ ਕਰਦਾ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਮਰੀਕਾ 'ਚ ਰਹਿੰਦੇ ਕਿਸੇ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਬਲਜਿੰਦਰ ਸਿੰਘ ਉਰਫ਼ ਹਨੀ ਨੇ ਟਰੱਕ ਲੈ ਕੇ ਅਮਰੀਕਾ ਦੇ ਕਿਸੇ ਸ਼ਹਿਰ ਜਾਣਾ ਸੀ | ਪਰ ਉਸ ਤੋਂ ਪਹਿਲਾਂ ਉਹ ਟਰੱਕ ਵਿਚ ਹੀ ਬੇਹੋਸ਼ੀ ਦੀ ਹਾਲਤ 'ਚ ਦੇਖਿਆ ਗਿਆ | ਇਸ ਦੀ ਸੂਚਨਾ ਅਮਰੀਕਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸ ਦੀ ਮੌਤ ਬਾਰੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੱਡਾ ਲੜਕਾ ਅਮਰਿੰਦਰ ਸਿੰਘ ਅਮਰੀਕਾ 'ਚ ਪੱਕਾ ਹੈ ਜੋ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਰਹਿੰਦਾ ਹੈ | ਪੀੜਤ ਪਰਿਵਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਪਾਸੋਂ ਮੰਗ ਕੀਤੀ ਕਿ ਮਾਤਾ-ਪਿਤਾ ਨੂੰ ਅਮਰੀਕਾ ਦਾ ਵੀਜ਼ਾ ਦਿੱਤਾ ਜਾਵੇ, ਜਿਸ ਨਾਲ ਉਹ ਆਪਣੇ ਪੁੱਤਰ ਦੀਆਂ ਆਖ਼ਰੀ ਰਸਮਾਂ ਪੂਰੀਆਂ ਕਰ ਸਕਣ | ਇਸ ਮੌਕੇ ਪਿੰਡ ਵਾਸੀ ਭਾਈ ਲਖਵਿੰਦਰ ਸਿੰਘ, ਬਾਬਾ ਸੁਰਿੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਬਲਜਿੰਦਰ ਸਿੰਘ ਦੇ ਸਸਕਾਰ ਲਈ ਅਮਰੀਕਾ ਦਾ ਵੀਜ਼ਾ ਦਿਵਾਇਆ ਜਾਵੇ, ਜਿਸ ਨਾਲ ਉਹ ਆਪਣੇ ਬੱਚੇ ਦੇ ਅੰਤਿਮ ਦਰਸ਼ਨ ਕਰ ਸਕਣ | ਮਿ੍ਤਕ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ |