ਤਾਰਾਗੜ੍ਹ, 27 ਸਤੰਬਰ (ਸੋਹਨ ਲਾਲ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਹਲਕਾ ਭੋਆ ਦੇ ਖੇਤਰ ਦੇ ਲੋਕਾਂ ਨੂੰ ਦਿੱਤੇ ਗਏ ਫ਼ੰਡ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਭੋਆ ਦੀਆਂ ਦੋ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਗਏ ਹਨ | ਇਸ ਤੋਂ ਇਲਾਵਾ ਹੋਰ ਵੀ ਸੜਕਾਂ ਦੇ ਨਿਰਮਾਣ ਲਈ ਪੰਜਾਬ ਸਰਕਾਰ ਵਲੋਂ ਦਿਲ ਖ਼ੋਲ ਕੇ ਫ਼ੰਡ ਜਾਰੀ ਕੀਤੇ ਗਏ ਹਨ, ਭਵਿੱਖ ਵਿਚ ਬਹੁਤ ਜਲਦੀ ਸਾਰੀਆਂ ਸੜਕਾਂ ਦਾ ਨਵ ਨਿਰਮਾਣ ਕੀਤਾ ਜਾਵੇਗਾ ਜੋ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਹਨ | ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਹਲਕਾ ਭੋਆ ਦੀਆਂ ਦੋ ਸੜਕਾਂ ਦਾ ਵੱਖ ਵੱਖ ਸਥਾਨਾਂ 'ਤੇ ਨੀਂਹ ਪੱਥਰ ਰੱਖਣ ਮਗਰੋਂ ਕੀਤਾ | ਇਸ ਮੌਕੇ ਬਲਜਿੰਦਰ ਸਿੰਘ ਬੰਟੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਪਠਾਨਕੋਟ, ਰੌਸ਼ਨ ਭਗਤ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਪਠਾਨਕੋਟ, ਹੈਪੀ ਸਰਪੰਚ ਨਵਾਲਾ, ਰਵੀ ਕੁਮਾਰ ਬਲਾਕ ਪ੍ਰਧਾਨ, ਸੰਜੀਵ ਮੀਡੀਆ ਇੰਚਾਰਜ, ਪਰਮਜੀਤ ਸਰਪੰਚ ਫੁਲਪੁਰ, ਕੁਲਜੀਤ ਸੈਣੀ ਮੀਡੀਆ ਇੰਚਾਰਜ, ਪ੍ਰਦੀਪ ਐਕਸੀਅਨ ਲੋਕ ਨਿਰਮਾਣ ਵਿਭਾਗ, ਰਜਿੰਦਰ ਕੁਮਾਰ ਐਸ.ਡੀ.ਓ ਲੋਕ ਨਿਰਮਾਣ ਵਿਭਾਗ, ਕੁਲਦੀਪ ਭਟੋਆ ਬਲਾਕ ਪ੍ਰਧਾਨ, ਤਰਸੇਮ ਲਾਲ ਨੰਬਰਦਾਰ, ਵਿਜੇ ਕੁਮਾਰ, ਰਾਕੇਸ਼ ਕੁਮਾਰ, ਗੁਰਚਰਨ, ਬੰਸੀ ਲਾਲ ਅਤੇ ਹੋਰ ਆਗੂ ਹਾਜ਼ਰ ਸਨ | ਇਸ ਮੌਕੇ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੜ੍ਹਾਂ ਨਾਲ ਹਲਕਾ ਭੋਆ ਦੀਆਂ ਕਾਫੀ ਸੜਕਾਂ ਪ੍ਰਭਾਵਿਤ ਹੋਈਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਸੜਕਾਂ ਦੀ ਹਾਲਤ ਨੂੰ ਵੇਖਦਿਆਂ ਫ਼ੰਡ ਵੀ ਜਾਰੀ ਕੀਤੇ ਹਨ, ਜਲਦੀ ਹੀ ਸਾਰੀਆਂ ਸੜਕਾਂ ਦਾ ਨਵਨਿਰਮਾਣ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਦੋ ਸੜਕਾਂ ਪਹਿਲੀ ਸੜਕ ਜੋ ਪਿੰਡ ਰਹੀਮਪੁਰ ਤੋਂ ਫੁਲਪੁਰ ਨੰਗਲ ਫ਼ਰੀਦਾ ਤੱਕ ਅਤੇ ਦੂਸਰੀ ਤਾਰਾਗੜ੍ਹ ਤੋਂ ਭਟੋਆ-ਰਤਨਗੜ੍ਹ ਤੱਕ ਕਰੀਬ 5 ਕਿੱਲੋਮੀਟਰ ਦੀ ਲੰਬਾਈ ਦੀਆਂ ਇਨ੍ਹਾਂ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਨਵਨਿਰਮਾਣ 'ਤੇ ਕਰੀਬ 1 ਕਰੋੜ 13 ਲੱਖ ਰੁਪਏ ਖ਼ਰਚ ਕੀਤੇ ਜਾਣੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦਾ ਨਿਰਮਾਣ ਲੰਮੇ ਸਮੇਂ ਤੋਂ ਨਹੀਂ ਹੋਇਆ ਸੀ ਅਤੇ ਅੱਜ ਸੜਕਾਂ ਦੇ ਨਿਰਮਾਣ ਕਾਰਜ ਨਾਲ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ |