ਗੁਰਦਾਸਪੁਰ, 31 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਦਿਹਾਤੀ ਖੇਤਰ ਬੇਟ ਅੰਦਰ ਮਿੱਟੀ ਦੀ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਸਭ ਕੁਝ ਜਾਣਦਾ ਹੋਇਆ ਵੀ ਮੂਕ ਦਰਸ਼ਕ ਬਣਿਆ ਹੈ | ਇਸ ਸਬੰਧੀ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਮਿੱਟੀ ਮਾਈਨਿੰਗ ਨੰੂ ਰੋਕਣ ਲਈ ਸਰਕਾਰ ਨੇ ਪਾਬੰਧੀ ਲਗਾਈ ਹੋਈ ਹੈ | ਪਰ ਉਸ ਦੇ ਬਾਵਜੂਦ ਵੀ ਇਹ ਧੰਦਾ ਚੱਲ ਰਿਹਾ ਹੈ | ਜਦੋਂ ਕਿ ਦਰਿਆ ਬਿਆਸ ਤੇ ਖ਼ਾਸ ਕਰਕੇ ਨਵਾਂ ਪਿੰਡ ਬਹਾਦਰ ਦੀ ਜਵਾਲਾਪੁਰ ਬੇਚਿਰਾਗ਼ ਜ਼ਮੀਨ 'ਚ ਦਿਨ ਰਾਤ ਜੇ.ਸੀ.ਬੀ ਮਸ਼ੀਨਾਂ ਨਾਲ ਮਾਈਨਿੰਗ ਹੋ ਰਹੀ ਹੈ | ਪਰ ਮਾਈਨਿੰਗ ਵਿਭਾਗ ਸਭ ਕੁਝ ਜਾਣ ਕੇ ਵੀ ਨਜ਼ਰ ਅੰਦਾਜ਼ ਕਰ ਰਿਹਾ ਹੈ | ਪਿੰਡ ਗਾਜੀਕੋਟ, ਕਿ੍ਸ਼ਨਾ ਨਗਰ, ਮੱਲੋਵਾਲ ਵਿਖੇ ਦਿਨ ਦਿਹਾੜੇ ਜ਼ਮੀਨ 'ਚੋਂ ਮਿੱਟੀ ਪੁੱਟੀ ਜਾ ਰਹੀ ਹੈ | ਜਦੋਂ ਕਿ ਜਵਾਲਾਪੁਰ ਦੀ ਜ਼ਮੀਨ ਵੱਡੇ ਟੋਇਆਂ ਵਿਚ ਤਬਦੀਲ ਹੋ ਗਈ ਹੈ | ਮਾਈਨਿੰਗ ਮਾਫ਼ੀਆ ਗਿਰੋਹ ਸ਼ਰੇਆਮ ਸਰਕਾਰ ਤੇ ਕਾਨੰੂਨ ਦੀਆਂ ਧੱਜੀਆਂ ਉਡਾ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਲਿਆਉਣ ਦੇ ਬਾਵਜੂਦ ਹੱਲ ਨਹੀਂ ਹੋ ਰਿਹਾ | ਉਨ੍ਹਾਂ ਦੱਸਿਆ ਕਿ ਰੇਤਾ ਦੀਆਂ ਭਰੀਆਂ ਟਰਾਲੀਆਂ ਪਿੰਡਾਂ 'ਚੋਂ ਦਿਨ ਰਾਤ ਗੁਜ਼ਰਨ ਨਾਲ ਲੋਕਾਂ ਦਾ ਜੀਵਨ ਦੁੱਭਰ ਹੋਇਆ ਪਿਆ ਹੈ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਜਵਾਲਾਪੁਰ ਦੀ ਜ਼ਮੀਨ ਵਿਚ ਹੋ ਰਹੀ ਮਾਈਨਿੰਗ ਨੰੂ ਬੰਦ ਕਰਵਾਉਣ ਲਈ ਮਾਈਨਿੰਗ ਵਿਭਾਗ ਗੁਰਦਾਸਪੁਰ ਨੰੂ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ ਤੇ ਸਰਕਾਰ ਨੰੂ ਲੱਗ ਰਹੇ ਚੂਨੇ ਤੋਂ ਬਚਾਅ ਹੋ ਸਕੇ |