ਪਠਾਨਕੋਟ, 4 ਨਵੰਬਰ (ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਪਠਾਨਕੋਟ ਵਿਖੇ 5 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਉਕਤ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਸਮਾਗਮ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ | ਜਿਸ ਵਿਚ ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ, ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਦੇ ਜਥੇ, ਭਾਈ ਸਿਮਰਨਜੀਤ ਸਿੰਘ ਦਾ ਜਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਉਪਰੰਤ ਕਥਾ ਵਾਚਕ ਭਾਈ ਕਰਮਬੀਰ ਸਿੰਘ ਚੰਡੀਗੜ੍ਹ ਵਾਲੇ ਅਤੇ ਢਾਡੀ ਖੜਕ ਸਿੰਘ ਦਾ ਜਥਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ | ਸਮਾਗਮ ਦੀ ਸਮਾਪਤੀ ਦੁਪਹਿਰ 2 ਵਜੇ ਹੋਵੇਗੀ ਤੇ ਅੰਤ ਵਿਚ ਗੁਰੂ ਸਾਹਿਬ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਗਮ ਵਿਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਵੀ ਕੀਤੀ |