ਕਾਦੀਆਂ, 23 ਨਵੰਬਰ (ਕੁਲਵਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਵਿਚ ਨਵਚੇਤਨ ਸਕੂਲ ਖਾਰਾ ਕਾਦੀਆਂ ਦੇ ਲਗਪਗ 250 ਵਿਦਿਆਰਥੀਆਂ ਨੇ ਭਾਗ ਲਿਆ ਸੀ | ਇਸ ਪ੍ਰੀਖਿਆ ਵਿਚੋਂ 60 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਵਜ਼ੀਫੇ ਹਾਸਿਲ ਕੀਤੇ ਹਨ | ਇਨ੍ਹਾਂ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਤੇ ਭਾਈ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ, ਭਾਈ ਲਵਜੀਤ ਸਿੰਘ ਮੈਨੇਜਰ, ਭਾਈ ਯਾਦਵਿੰਦਰ ਸਿੰਘ ਕਵੀਸ਼ਰ ਧੰਦਲ ਵਲੋਂ ਸਕੂਲ ਅੰਦਰ ਪਹੁੰਚ ਕੇ ਕ੍ਰਮਵਾਰ 1100 ਤੇ 2100 ਪਹਿਲੇ ਅਤੇ ਦੂਜੇ ਦਰਜੇ ਦੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਵੰਡੀ ਗਈ | ਇਸ ਮੌਕੇ ਸਕੂਲ ਪ੍ਰਬੰਧਕ ਪਿ੍ੰਸੀਪਲ ਰਛਪਾਲ ਕੌਰ, ਸੋਨੀਆ ਬੇਦੀ, ਸੁਖਪ੍ਰੀਤ ਕੌਰ, ਕਰਨਦੀਪ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ | ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਅਜਿਹੇ ਧਾਰਮਿਕ ਇਮਤਿਹਾਨਾਂ ਵਿਚ ਹਿੱਸਾ ਲੈ ਕੇ ਅੱਵਲ ਆਉਣ ਲਈ ਪ੍ਰੇਰਿਤ ਕੀਤਾ |