ਪਠਾਨਕੋਟ, 6 ਦਸੰਬਰ (ਸੰਧੂ/ਵਿਨੋਦ)- ਸਟੇਟ ਪੈਨਸ਼ਨਰਜ਼ ਵੈਲਫੇਅਰ ਆਰਗੇਨਾਈਜ਼ੇਸ਼ਨ ਨੇ ਜ਼ਿਲ੍ਹਾ ਪ੍ਰਧਾਨ ਕੇਦਾਰ ਨਾਥ ਸੈਣੀ ਦੀ ਪ੍ਰਧਾਨਗੀ ਹੇਠ ਸਥਾਨਕ ਪੁਰਾਣੇ ਖ਼ਜ਼ਾਨਾ ਦਫ਼ਤਰ ਵਿਖੇ ਮੀਟਿੰਗ ਕੀਤੀ | ਯੂਨੀਅਨ ਦੇ ਚੇਅਰਮੈਨ ਸਰਪ੍ਰਸਤ ਮਾਸਟਰ ਸ਼ੇਰ ਸਿੰਘ ਵਿਸ਼ੇਸ਼ ਮਹਿਮਾਨ ਸਨ, ਜਦੋਂ ਕਿ ਪਾਵਰਕਾਮ ਯੂਨੀਅਨ ਦੇ ਪ੍ਰਧਾਨ ਤਿਲਕ ਰਾਜ ਸੈਣੀ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ | ਮੀਟਿੰਗ ਦੌਰਾਨ ਪਿਛਲੇ ਦਿਨ ਪੰਜਾਬ ਰੋਡਵੇਜ਼ ਯੂਨੀਅਨ ਦੀ ਹੜਤਾਲ ਦੌਰਾਨ ਕਰਮਚਾਰੀਆਂ ਵਿਰੁੱਧ ਪੁਲਿਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਤੇ ਸਰਕਾਰ ਦੇ ਕਰਮਚਾਰੀ ਵਿਰੋਧੀ ਰਵੱਈਏ ਦਾ ਵਿਰੋਧ ਕੀਤਾ | ਮੀਟਿੰਗ ਵਿਚ ਇਹ ਵੀ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ 11/1/2016 ਤੋਂ ਪਹਿਲਾਂ ਸੇਵਾ-ਮੁਕਤ ਹੋਏ ਕਰਮਚਾਰੀਆਂ ਨੂੰ 2.59 ਫੀਸਦੀ ਦੇ ਹਿਸਾਬ ਨਾਲ ਬਕਾਇਆ ਦੇਵੇ, ਡੀ.ਏ. ਦੀਆਂ ਕਿਸ਼ਤਾਂ 16 ਫੀਸਦੀ ਦੇ ਹਿਸਾਬ ਨਾਲ ਦਿੱਤੀਆਂ ਜਾਣ ਤੇ ਉਨ੍ਹਾਂ ਦੇ ਬਕਾਏ ਮੈਡੀਕਲ ਭੱਤਿਆਂ ਸਮੇਤ ਜਾਰੀ ਕਰੇ | ਅੰਤ ਵਿਚ ਸੰਗਠਨ ਨੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਜਾ ਰਹੇ ਆਉਣ ਵਾਲੇ ਸੰਘਰਸ਼ ਦਾ ਸਰਗਰਮੀ ਨਾਲ ਸਮਰਥਨ ਕਰਨ ਦਾ ਵੀ ਫ਼ੈਸਲਾ ਕੀਤਾ | ਇਸ ਮੌਕੇ ਮਾਸਟਰ ਸ਼ਿਆਮ ਸਿੰਘ, ਸਵਰਨ ਸਿੰਘ, ਦਾਨਾ ਰਾਮ, ਵਿਜੇ ਸਿੰਘ, ਬੋਧਰਾਜ, ਹਰਬੰਸ ਲਾਲ ਸੈਣੀ, ਰਵਿੰਦਰ ਕੁਮਾਰ ਤਿਵਾੜੀ, ਰਣਜੀਤ ਸਿੰਘ, ਤਰਸੇਮ ਲਾਲ, ਸੋਹਣ ਲਾਲ, ਰਾਜਪਾਲ, ਤਰਸੇਮ ਲਾਲ, ਸਤੀਸ਼ ਕੁਮਾਰ, ਵਿਜੇ ਕੁਮਾਰ ਜ਼ਿਲੇ੍ਹਦਾਰ ਆਦਿ ਹਾਜ਼ਰ ਸਨ |