ਬਟਾਲਾ, 20 ਦਸੰਬਰ (ਸਤਿੰਦਰ ਸਿੰਘ) - ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਬਟਾਲਾ ਨੂੰ ਚੰਡੀਗੜ੍ਹ ਐਫ਼.ਏ.ਪੀ. ਨੈਸ਼ਨਲ ਐਵਾਰਡ 2025 ਦੁਆਰਾ ਵਿਦਿਅਕ ਖੇਤਰ ਵਿਚ ਪ੍ਰਸ਼ੰਸਾਯੋਗ ਕਾਰਗੁਜਾਰੀ ਨੂੰ 'ਬੈਸਟ ਸਕੂਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ ਸਾਂਘਾ ਦੁਆਰਾ ਪ੍ਰਾਪਤ ਕੀਤਾ ਗਿਆ | ਐਫ਼.ਏ.ਪੀ. ਐਵਾਰਡ ਵਿਚ ਜਮਾਤ 10ਵੀਂ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਨਾ ਸਿਰਫ਼ ਅਕਾਦਮਿਕ ਤੌਰ 'ਤੇ ਉੱਤਮ ਪ੍ਰਦਰਸ਼ਨ ਕੀਤਾ ਹੈ, ਬਲਕਿ ਸੀ.ਬੀ.ਐੱਸ.ਈ. ਬੋਰਡ 2024-25 ਦੇ ਇਮਤਿਹਾਨਾਂ ਵਿਚ ਵੀ ਵਧੀਆ ਅੰਕ ਪ੍ਰਾਪਤ ਕੀਤੇ ਹਨ, ਨੂੰ ਸਨਮਾਨਿਤ ਕੀਤਾ ਗਿਆ | ਇਸ ਪ੍ਰਾਪਤੀ ਲਈ ਚੇਅਰਮੈਨ ਰਜਿੰਦਰ ਸਿੰਘ ਸਾਂਘਾ ਨੇ ਕਿਹਾ ਕਿ ਇਹ ਐਵਾਰਡ ਸਕੂਲ ਨੂੰ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ, ਨਵੀਂ ਸੋਚ ਤੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਕੀਤੀ ਗਈ ਵਧੀਆ ਮਿਹਨਤ ਲਈ ਦਿੱਤਾ ਗਿਆ ਹੈ | ਇਸ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਅਨੁਰੀਤ ਕੌਰ, ਹਰਮੋਲ ਸਿੰਘ, ਮਾਨਵਜੋਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਕੇ ਨਾ ਸਿਰਫ਼ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ, ਬਲਕਿ ਆਪਣੇ ਸਮਰਪਣ ਤੇ ਮਿਹਨਤ ਨਾਲ ਮਾਣ ਮਹਿਸੂਸ ਕਰਵਾਇਆ ਹੈ |