ਗੁਰਦਾਸਪੁਰ, 21 ਦਸੰਬਰ (ਅਸ਼ੋਕ ਸ਼ਰਮਾ)- ਪੁਰਾਣਾ ਸ਼ਾਲਾ ਚੌਕ ਵਿਚ ਇਕ ਸੁਨਿਆਰੇ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਚੋਰਾਂ ਨੇ ਦੁਕਾਨ ਦੇ ਚੌਕੀਦਾਰਾਂ ਦੀਆਂ ਬਾਂਹਾਂ ਬੰਨ੍ਹ ਕੇ ਦੋਨਾਂ ਨੰੂ ਇਕ ਗਟਰਨੁਮਾ ਟੋਏ ਵਿਚ ਸੁੱਟ ਕੇ ਇਸ ਘਟਨਾ ਨੰੂ ਅੰਜਾਮ ਦਿੱਤਾ ਹੈ | ਇਹ ਘਟਨਾ ਪੁਲਿਸ ਨਾਕੇ ਤੋਂ 50 ਮੀਟਰ ਦੂਰੀ 'ਤੇ ਹੀ ਵਾਪਰੀ ਹੈ | ਚਾਹਤ ਜਿਊਲਰਜ਼ ਦੇ ਮਾਲਕ ਵਿਨੋਦ ਕੁਮਾਰ ਉਰਫ਼ ਲਾਡੀ ਪੁੱਤਰ ਸੁਰਿੰਦਰ ਨਾਥ ਵਾਸੀ ਸੈਦੋਵਾਲ ਕਲਾਂ ਨੇ ਦੱਸਿਆ ਕਿ ਉਹ ਬੀਤੀ ਰਾਤ 8 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਘਰ ਚਲੇ ਗਏ ਅਤੇ
ਰਾਤ ਢਾਈ ਵਜੇ ਦੇ ਕਰੀਬ ਉਸ ਦੇ ਮੋਬਾਈਲ 'ਤੇ ਸਕਿਉਰਿਟੀ ਸੈਂਸਰ ਦਾ ਅਲਾਰਮ ਵੱਜਾ ਤਾਂ ਉਨ੍ਹਾਂ ਆਪਣੇ ਮੋਬਾਈਲ 'ਤੇ ਸੀ.ਸੀ.ਟੀ.ਵੀ. ਚੈੱਕ ਕੀਤਾ ਤਾਂ ਦੁਕਾਨ ਦੇ ਸ਼ਟਰ ਤੋੜਨ ਦੀ ਆਵਾਜ਼ ਸੁਣਾਈ ਦਿੱਤੀ, ਜਿਸ 'ਤੇ ਉਨ੍ਹਾਂ ਤੁਰੰਤ ਦੁਕਾਨ ਦੇ ਚੌਕੀਦਾਰਾਂ ਨੰੂ ਫੋਨ ਕੀਤਾ ਪਰ ਬਾਅਦ ਵਿਚ ਉਨ੍ਹਾਂ ਦਾ ਫੋਨ ਬੰਦ ਹੋ ਗਿਆ | ਜਦੋਂ ਉਹ ਖ਼ੁਦ ਆਪਣੀ ਦੁਕਾਨ 'ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਤੇ ਸ਼ੀਸ਼ੇ ਟੁੱਟੇ ਹੋਏ ਸਨ | ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਸੀ ਜਿਸ ਵਿਚ ਉਨ੍ਹਾਂ ਦਾ ਸਾਢੇ ਤਿੰਨ ਕਿੱਲੋ ਚਾਂਦੀ, 12 ਮੁੰਦਰੀਆਂ, ਢਾਈ ਤੋਲੇ ਸੋਨਾ ਤੇ ਬੱਚਿਆਂ ਦੀਆਂ 10 ਮੁੰਦੀਆਂ ਤੋਂ ਇਲਾਵਾ 23 ਹਜ਼ਾਰ ਨਕਦੀ ਗ਼ਾਇਬ ਸੀ | ਕੁਝ ਕੀਮਤੀ ਸਾਮਾਨ ਬਚ ਗਿਆ | ਉਨ੍ਹਾਂ ਦੱਸਿਆ ਕਿ ਇਹ ਚੋਰੀ ਪੁਲਿਸ ਦੀ ਚੌਕ 'ਚ ਨਾਕਾਬੰਦੀ ਨਾ ਹੋਣ ਕਾਰਨ ਵਾਪਰੀ ਹੈ | ਉਨ੍ਹਾਂ ਇਸ ਘਟਨਾ ਸੰਬੰਧੀ ਪੁਲਿਸ ਨੰੂ ਸੂਚਨਾ ਦਿੱਤੀ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਪੁਲਿਸ ਮੁਤਾਬਿਕ ਉਨ੍ਹਾਂ ਸੀ.ਸੀ.ਟੀ.ਵੀ. ਕੈਮਰੇ ਤੇ ਸਕਿਉਰਿਟੀ ਸਿਸਟਮ ਵੀ ਲਗਾਇਆ ਹੈ ਪਰ ਫਿਰ ਵੀ ਚੋਰੀ ਦੀ ਘਟਨਾ ਵਾਪਰ ਗਈ ਹੈ | ਇੱਥੋਂ ਤੱਕ ਕਿ ਚੋਰ ਆਪਣੇ ਨਾਲ ਡੀ.ਵੀ.ਆਰ. ਵੀ ਲੈ ਗਏ ਹਨ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਜਿਥੇ ਚੌਕੀਦਾਰਾਂ ਨੰੂ ਬੰਦੀ ਬਣਾ ਕੇ ਸੁੱਟਿਆ ਸੀ ਉੱਥੋਂ ਸੋਨੇ ਵਾਲੇ ਖ਼ਾਲੀ ਡੱਬੇ ਵੀ ਮਿਲੇ ਹਨ | ਇਸ ਚੋਰੀ ਨਾਲ ਦੁਕਾਨਦਾਰ ਕਾਫ਼ੀ ਸਹਿਮੇ ਹੋਏ ਹਨ | ਦੂਜੇ ਪਾਸੇ ਪੁਲਿਸ ਪ੍ਰਸ਼ਾਸਨ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ | ਇਸ ਸੰਬੰਧੀ ਦੁਕਾਨਦਾਰ ਰਵੀ ਕੁਮਾਰ, ਰਾਜਪਾਲ, ਮੁਲਖ ਰਾਜ ਨਡਾਲਾ, ਦਿਨੇਸ਼ ਕੁਮਾਰ, ਰਿੰਕੂ ਰਾਜ ਕੁਮਾਰ, ਪ੍ਰਸ਼ੋਤਮ ਲਾਲ ਤੇ ਕਸ਼ਮੀਰ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਵੀ ਪੁਰਾਣਾ ਸ਼ਾਲਾ ਅੱਡੇ 'ਚ ਚੋਰੀਆਂ ਹੋਈਆਂ ਹਨ, ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਉਨ੍ਹਾਂ ਦੱਸਿਆ ਕਿ ਧੁੰਦ ਦੇ ਚੱਲਦਿਆਂ ਚੋਰਾਂ ਵਲੋਂ ਅਜਿਹੀਆਂ ਘਟਨਾਵਾਂ ਨੰੂ ਅੰਜਾਮ ਦਿੱਤਾ ਜਾ ਰਿਹਾ ਹੈ | ਜਦੋਂ ਕਿ ਦੁਕਾਨਦਾਰ ਚੌਕੀਦਾਰ ਰੱਖਣ ਦੇ ਬਾਵਜੂਦ ਵੀ ਆਪਣੇ ਆਪ ਨੰੂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਜਦੋਂ ਇਸ ਘਟਨਾ ਸੰਬੰਧੀ ਥਾਣਾ ਮੁਖੀ ਸੁਰਿੰਦਰਪਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੰੂ ਫੜ ਕੇ ਪੀੜਤਾਂ ਨੰੂ ਇਨਸਾਫ਼ ਦਿਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਨੇੜੇ ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ | ਪੀੜਤ ਸੁਨਿਆਰੇ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਚੋਰਾਂ ਨੰੂ ਫ਼ੌਰੀ ਫੜ ਕੇ ਉਨ੍ਹਾਂ ਨੰੂ ਇਨਸਾਫ਼ ਦਿੱਤਾ ਜਾਵੇ |
ਪੁਰਾਣਾ ਸ਼ਾਲਾ ਵਿਖੇ ਚਾਹਤ ਜਿਊਲਰਜ਼ ਦੇ ਮਾਲਕ ਵਿਨੋਦ ਕੁਮਾਰ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ | ਤਸਵੀਰ: ਅਸ਼ੋਕ ਸ਼ਰਮਾ
ਪੁਰਾਣਾ ਸ਼ਾਲਾ ਵਿਖੇ ਸੁਨਿਆਰੇ ਦੀ ਦੁਕਾਨ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਚੋਰ ਫ਼ਰਾਰ
ਅਜੀਤ ਡੈਸਕ
22-12-2025