ਪਠਾਨਕੋਟ, 26 ਦਸੰਬਰ (ਵਿਨੋਦ)- ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਨਵੇਂ ਸਾਲ ਦੀ ਸ਼ਾਮ ਲਈ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ | ਗਾਂਧੀ ਚੌਕ ਵਿਖੇ ਹਰ ਐਤਵਾਰ ਲੱਗਣ ਵਾਲੇ ਐਤਵਾਰ ਬਾਜ਼ਾਰ 'ਤੇ ਅਗਲੇ ਦੋ ਹਫ਼ਤਿਆਂ ਲਈ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ | ਸੁਰੱਖਿਆ ਚਿੰਤਾਵਾਂ ਤੇ ਸ਼ੱਕੀ ਗਤੀਵਿਧੀਆਂ ਦੀ ਸੰਭਾਵਨਾ ਦੇ ਕਾਰਨ ਪ੍ਰਸ਼ਾਸਨ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ | ਨਗਰ ਨਿਗਮ ਦੀ ਟੀਮ ਨੇ ਅੱਜ ਗਾਂਧੀ ਚੌਕ ਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਲਾਊਡ ਸਪੀਕਰਾਂ ਰਾਹੀਂ ਐਲਾਨ ਕੀਤੇ | ਨਿਗਮ ਅਧਿਕਾਰੀਆਂ ਨੇ ਸਪੱਸ਼ਟ ਤੌਰ 'ਤੇ ਗਲੀ ਵਿਕੇ੍ਰਤਾਵਾਂ ਨੂੰ ਹਦਾਇਤ ਕੀਤੀ ਹੈ ਕਿ ਆਉਣ ਵਾਲੇ ਦੋ ਐਤਵਾਰ ਨੂੰ ਬਾਜ਼ਾਰ ਵਿਚ ਕੋਈ ਦੁਕਾਨਾਂ ਨਹੀਂ ਲਗਾਈਆਂ ਜਾਣਗੀਆਂ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ ਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪ੍ਰਸ਼ਾਸਕੀ ਸੂਤਰਾਂ ਅਨੁਸਾਰ ਕੁਝ ਸ਼ੱਕੀ ਤੱਤ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਜਨਤਕ ਥਾਵਾਂ 'ਤੇ ਭੀੜ ਦਾ ਫ਼ਾਇਦਾ ਉਠਾ ਸਕਦੇ ਹਨ ਤੇ ਸ਼ਾਂਤੀ ਭੰਗ ਕਰ ਸਕਦੇ ਹਨ | ਗਾਂਧੀ ਚੌਕ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਵਿਚੋਂ ਇਕ ਹੈ ਤੇ ਐਤਵਾਰ ਦੇ ਬਾਜ਼ਾਰ ਵਿਚ ਭਾਰੀ ਭੀੜ ਹੁੰਦੀ ਹੈ, ਜੋ ਸੁਰੱਖਿਆ ਜਾਂਚ ਅਤੇ ਨਿਗਰਾਨੀ ਲਈ ਇਕ ਮਹੱਤਵਪੂਰਨ ਚੁਨੌਤੀ ਪੇਸ਼ ਕਰਦੀ ਹੈ | ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਏਜੰਸੀਆਂ ਦੀ ਸਲਾਹ 'ਤੇ ਬਾਜ਼ਾਰ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ | ਸਥਾਨਕ ਵਪਾਰੀਆਂ ਤੇ ਸਥਾਈ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਫ਼ੈਸਲੇ ਪ੍ਰਤੀ ਸਕਾਰਾਤਮਿਕ ਹੁੰਗਾਰਾ ਦਿੱਤਾ ਹੈ | ਵਪਾਰ ਬੋਰਡ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਇਸ ਸੁਰੱਖਿਆ ਉਪਾਅ ਦਾ ਸਮਰਥਨ ਕਰਦੇ ਹਨ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਐਤਵਾਰ ਦੇ ਬਾਜ਼ਾਰ ਵਿਚ ਇੰਨ੍ਹੀ ਭੀੜ ਹੁੰਦੀ ਹੈ ਕਿ ਤੁਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ | ਅਜਿਹੀ ਸਥਿਤੀ ਵਿਚ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ | ਕਾਰੋਬਾਰ ਤੋਂ ਪਹਿਲਾਂ ਜਨਤਕ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ | ਜੇਕਰ ਲੋਕ ਸੁਰੱਖਿਅਤ ਰਹਿਣਗੇ ਤਾਂ ਹੀ ਅਸੀਂ ਕਾਰੋਬਾਰ ਕਰ ਸਕਾਂਗੇ | ਗਾਂਧੀ ਚੌਕ ਵਿਖੇ ਐਤਵਾਰ ਦਾ ਬਾਜ਼ਾਰ ਦੂਰ-ਦੁਰਾਡੇ ਤੋਂ ਆਉਣ ਵਾਲੇ ਗ੍ਰਾਹਕਾਂ ਲਈ ਇਕ ਵੱਡਾ ਆਕਰਸ਼ਨ ਹੈ | ਹਾਲਾਂਕਿ ਨਵੇਂ ਸਾਲ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ | ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਆ ਬਣਾਈ ਰੱਖਣ ਵਿਚ ਸਹਿਯੋਗ ਕਰਨ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿਚ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ |