ਬਟਾਲਾ, 26 ਦਸੰਬਰ (ਸਤਿੰਦਰ ਸਿੰਘ)- ਕਿਰਤੀ ਕਿਸਾਨ ਯੂਨੀਅਨ ਵਲੋਂ 29 ਦਸੰਬਰ ਨੂੰ ਪੰਜਾਬ ਨੈਸ਼ਨਲ ਬੈਂਕ ਬਖਸ਼ੀਵਾਲ ਮੂਹਰੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਲਈ ਪਿੰਡ ਕਿਲਾ ਨੱਥੂ ਸਿੰਘ ਵਿਖੇ ਕਿਸਾਨਾਂ-ਮਜ਼ਦੂਰਾਂ ਦੀ ਵਿਸ਼ਾਲ ਮੀਟਿੰਗ ਕੀਤੀ ਗਈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਕਲਾਨੌਰ ਕਮੇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਕਿਲਾ ਤੇ ਦਲਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਝੋਨੇ ਦੀ ਵਿਕਰੀ ਤੋਂ ਬਾਅਦ ਸੁਭਾਸ਼ ਚੰਦਰ ਕਮਿਸ਼ਨ ਏਜੰਟ ਵਲੋਂ ਪਲਵਿੰਦਰ ਸਿੰਘ ਨੂੰ ਪੰਜਾਬ ਨੈਸ਼ਨਲ ਬੈਂਕ ਬਖਸ਼ੀਵਾਲ ਦਾ ਚੈੱਕ ਕੱਟ ਕੇ ਦਿੱਤਾ ਗਿਆ ਸੀ | ਪਲਵਿੰਦਰ ਸਿੰਘ ਵਲੋਂ ਇਹ ਚੈੱਕ ਪੰਜਾਬ ਨੈਸ਼ਨਲ ਬੈਂਕ 'ਚ 8 ਦਸੰਬਰ ਨੂੰ ਜਮ੍ਹਾ ਕਰਵਾਇਆ ਗਿਆ ਸੀ | ਦੁਬਾਰਾ ਮੈਨੇਜਰ ਨੂੰ ਚੈੱਕ ਕੈਸ਼ ਕਰਨ ਦਾ ਪਤਾ ਕਰਨ 'ਤੇ ਉਨ੍ਹਾਂ ਕਿਹਾ ਕਿ ਅਜੇ ਨਹੀਂ ਪੈਸੇ ਆਏ | ਪਲਵਿੰਦਰ ਸਿੰਘ ਜਦੋਂ ਦੁਬਾਰਾ ਚਾਰ-ਪੰਜ ਦਿਨ ਬਾਅਦ ਬੈਂਕ ਵਿਚ ਗਿਆ ਤੇ ਮੈਨੇਜਰ ਨੂੰ ਚੈੱਕ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਨਹੀਂ ਪੈਸੇ ਆਏ, ਕਿਉਂ ਨਹੀਂ ਆਏ ਪੁੱਛਣ 'ਤੇ, ਉਨ੍ਹਾਂ ਚੈੱਕ ਵਾਪਸ ਕਰ ਦਿੱਤਾ | ਉਨ੍ਹਾਂ ਕਿਹਾ ਕਿ ਮੈਨੇਜਰ ਦਾ ਇਹ ਰਵੱਈਆ ਹੰਕਾਰ ਭਰਿਆ ਸੀ, ਜਿਸ ਕਰ ਕੇ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ, ਅਜਮੇਰ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਬਰੀਲਾ, ਗੁਰਦੀਪ ਸਿੰਘ ਤਲਵੰਡੀ, ਦਵਿੰਦਰ ਸਿੰਘ ਮਾਨੇਪੁਰ, ਸਤਨਾਮ ਸਿੰਘ ਮਾਨੇਪੁਰ, ਮਹਿੰਗਾ ਸਿੰਘ ਅਤੇ ਮਹਿੰਦਰ ਸਿੰਘ ਆਦਿ ਕਿਸਾਨ ਸ਼ਾਮਿਲ ਹੋਏ |