ਗੁਰਦਾਸਪੁਰ, 29 ਦਸੰਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਲਮੀਨ ਕਰਾਲ ਵਿਖੇ ਦੇਰ ਰਾਤ ਲੁਟੇਰੇ ਵਲੋਂ ਘਰ 'ਚ ਦਾਖਲ ਹੋ ਕੇ ਇਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋਣ ਦੀ ਖਬਰ ਪ੍ਰਾਪਤ ਹੋਈ ਹੈ | ਪੀੜਤ ਔਰਤ ਸੁਰਿੰਦਰ ਕੌਰ ਪਤਨੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਘਰ ਵਿਚ ਇਕੱਲੀ ਸੀ ਤੇ ਲੁਟੇਰੇ ਨੇ ਆਵਾਜ਼ ਲਗਾਈ ਕਿ ਉਸ ਨੂੰ ਉਸ ਦੇ ਬੇਟੇ ਕਰਨ ਸਿੰਘ ਨਾਲ ਜ਼ਰੂਰੀ ਕੰਮ ਹੈ ਅਤੇ ਪਾਣੀ ਪੀਣ ਦੇ ਬਹਾਨੇ ਲੁਟੇਰਾ ਰਸੋਈ 'ਚ ਦਾਖਲ ਹੋ ਗਿਆ, ਜਿਥੇ ਉਸ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦੇ ਕੰਨਾਂ 'ਚ ਪਈਆਂ ਦੋ ਤੋਲੇ ਦੀਆਂ ਵਾਲੀਆਂ ਖੋਹ ਲਈਆਂ ਤੇ ਫਰਾਰ ਹੋ ਗਿਆ | ਇਸ ਸੰਬੰਧੀ ਪਿੰਡ ਦੇ ਨੰਬਰਦਾਰ ਤੇ ਹੋਰ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਕਿ ਲੁਟੇਰਾ ਜਾਣਿਆ ਪਹਿਚਾਣਿਆ ਲੱਗ ਰਿਹਾ ਹੈ, ਜਿਸ ਨੇ ਲੜਕੇ ਦਾ ਨਾਂਅ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ | ਸ਼ਾਲਾ ਪੁਲਿਸ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਅਤੇ ਔਰਤ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ |