ਕਲਾਨੌਰ, 29 ਦਸੰਬਰ (ਪੁਰੇਵਾਲ)-ਬੀਤੇ ਸਮੇਂ ਦੌਰਾਨ ਇਸ ਖੇਤਰ 'ਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਬਾਅਦ ਨੇੜਲੇ ਪਿੰਡ ਕਿਲ੍ਹਾ ਨੱਥੂ ਸਿੰਘ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇਣ ਦੇ ਦਾਅਵੇ ਕਰਨ ਤੋਂ ਬਾਅਦ ਸਰਵੇ ਉਪਰੰਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਗਾਮ ਦੇ ਦਾਨੀਆਂ ਵਲੋਂ ਪੀੜਤਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ ਗਈ | ਇਸ ਸਬੰਧੀ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਕਮੇਟੀ ਮੈਂਬਰ ਉਪਕਾਰ ਸਿੰਘ ਵਡਾਲਾ ਬਾਂਗਰ ਨੇ ਦੱਸਿਆ ਕਿ ਕਲਾਨੌਰ ਖੇਤਰ 'ਚ ਹੜ੍ਹਾਂ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਡੀ.ਟੀ.ਐੱਫ. ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਗਾਮ ਦੇ ਦਾਨੀਆਂ ਗੋਲਡੀ ਕੂਨਰ, ਰਮਨ ਕੁਨਰ ਵਲੋਂ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਸ ਉਪਰੰਤ ਡੈਮੋਕਰੇਟਿਕ ਟੀਚਰ ਫਰੰਟ ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਮਾਨੇਪੁਰ ਤੇ ਕਿਲ੍ਹਾ ਨੱਥੂ ਸਿੰਘ ਦੇ ਯੋਗ ਤੇ ਪੀੜਤ ਕਿਸਾਨਾਂ ਤੇ ਲੋਕਾਂ ਦੀ ਸ਼ਨਾਖ਼ਤ ਕੀਤੀ ਗਈ ਸੀ ਅਤੇ ਸਰਵੇ ਉਪਰੰਤ ਹੁਣ ਪੀੜਤਾਂ ਨੂੰ 10 ਹਜ਼ਾਰ, 15 ਹਜ਼ਾਰ ਦੀ ਨਗਦ ਰਾਸ਼ੀ (ਕਰੀਬ 5 ਲੱਖ ਰੁਪਏ) ਵੰਡ ਕੇ ਮਦਦ ਕੀਤੀ ਗਈ ਹੈ | ਇਸ ਸਮੇਂ ਡੀ.ਟੀ.ਐਫ. ਦੇ ਆਗੂ ਜਰਨੈਲ ਸਿੰਘ ਗੜ੍ਹਸ਼ੰਕਰ, ਉਪਕਾਰ ਸਿੰਘ ਵਡਾਲਾ ਬਾਂਗਰ ਸੂਬਾ ਕਮੇਟੀ ਮੈਂਬਰ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਦਲਜੀਤ ਸਿੰਘ ਤਲਵੰਡੀ, ਸਤਨਾਮ ਸਿੰਘ ਮਾਨੇਪੁਰ, ਦਿਲਬਾਗ ਸਿੰਘ ਸਾ. ਸਰਪੰਚ, ਤਰਲੋਕ ਸਿੰਘ ਸੁਰਿੰਦਰ ਸਿੰਘ, ਰਣਜੀਤ ਸਿੰਘ, ਰਛਪਾਲ ਸਿੰਘ, ਗੁਰਪਿੰਦਰ ਸਿੰਘ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ |