ਜ਼ੀਰਾ, 31 ਮਈ (ਰਜਨੀਸ਼ ਕਥੂਰੀਆ)-ਆਪਣੀ ਪਤਨੀ ਨਾਲ ਝਗੜੇ ਦੇ ਚੱਲਦਿਆਂ ਉਸ ਦੇ ਪਤੀ ਨੇ ਉਸ ਨੂੰ ਗੰਭੀਰ ਰੂਪ ਵਿਚ ਫੱਟੜ ਕਰਨ ਤੋਂ ਬਾਅਦ ਹੱਥ ਪੈਰ ਬੰਨ੍ਹ ਕੇ ਸੁੰਨਸਾਨ ਥਾਂ 'ਤੇ ਸੁੱਟ ਕੇ ਫ਼ਰਾਰ ਹੋ ਗਿਆ ਪਰ ਇਸ ਨੂੰ ਹਮਲੇ ਦਾ ਸ਼ਿਕਾਰ ਹੋਈ ਉਸ ਦੀ ਪਤਨੀ ਦੀ ਖ਼ੁਸ਼ਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਉਹ ਵਾਲ-ਵਾਲ ਬਚ ਗਈ | ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਦੁੰਨੇ ਕੇ (ਮੋਗਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਮਾਪਿਆਂ ਨੇ ਮੇਰਾ ਵਿਆਹ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਾਲੀਏਵਾਲਾ ਤਹਿਸੀਲ ਜ਼ੀਰਾ ਦੇ ਨਾਲ ਕੀਤਾ ਸੀ | ਉਸ ਨੇ ਦੱਸਿਆ ਕਿ ਸਾਡੀਆਂ ਦੋ ਲੜਕੀਆਂ ਅਤੇ ਇਕ ਲੜਕਾ ਹੈ | ਜਸਵਿੰਦਰ ਕੌਰ ਨੇ ਦੱਸਿਆ ਕਿ ਕੁੱਝ ਸਮੇਂ ਤੋਂ ਮੇਰਾ ਪਤੀ ਗੁਰਪ੍ਰੀਤ ਸਿੰਘ ਕੋਰਟ ਮੈਰਿਜ ਕਰਵਾ ਕੇ ਕਿਸੇ ਹੋਰ ਅÏਰਤ ਨਾਲ ਰਹਿ ਰਿਹਾ ਹੈ | ਜਦੋਂਕਿ ਸਾਡੀਆਂ ਲੜਕੀਆਂ ਅਤੇ ਲੜਕਾ ਮੇਰੇ ਕੋਲ ਰਹਿੰਦੇ ਹਨ | ਉਸ ਨੇ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਕੋਈ ਬਹਾਨਾ ਲਗਾ ਕੇ ਮੇਰਾ ਪਤੀ ਸਾਡੇ ਲੜਕੇ ਨੂੰ ਆਪਣੇ ਨਾਲ ਪਿੰਡ ਕਾਲੀਏਵਾਲਾ ਵਿਖੇ ਲੈ ਗਿਆ | ਜਸਵਿੰਦਰ ਕੌਰ ਨੇ ਦੱਸਿਆ ਕਿ ਮੇਰੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਮੇਰਾ ਪਤੀ ਗੁਰਪ੍ਰੀਤ ਸਿੰਘ ਸਾਡੇ ਲੜਕੇ ਨੂੰ ਵਾਪਸ ਨਹੀਂ ਛੱਡ ਕੇ ਗਿਆ | ਜਸਵਿੰਦਰ ਕੌਰ ਨੇ ਦੱਸਿਆ ਕਿ ਅੱਜ ਮੇਰਾ ਪਤੀ ਸਾਡੇ ਪਿੰਡ ਆਇਆ ਅਤੇ ਮੈਨੂੰ ਆਪਣੀ ਬਲੈਰੋ ਗੱਡੀ ਵਿਚ ਇਹ ਕਹਿ ਕੇ ਬਿਠਾ ਲੈ ਗਿਆ ਕਿ ਪਿੰਡ ਕਾਲੀਏਵਾਲਾ ਵਿਖੇ ਮੈਂ ਤੈਨੂੰ ਆਪਣਾ ਲੜਕਾ ਸੌਂਪ ਦੇਵਾਂਗਾ, ਜਿਸ ਨੂੰ ਲੈ ਕੇ ਤੂੰ ਵਾਪਸ ਆਪਣੇ ਪੇਕੇ ਘਰ ਆ ਜਾਵੀਂ | ਜਸਵਿੰਦਰ ਕੌਰ ਨੇ ਦੱਸਿਆ ਰਸਤੇ ਵਿਚ ਜਾਂਦਿਆਂ ਪਿੰਡ ਸਲੀਨਾ ਕੋਲ ਗੁਰਪ੍ਰੀਤ ਸਿੰਘ ਨੇ ਆਪਣੀ ਗੱਡੀ ਕਿਸੇ ਹੋਰ ਸੁੰਨਸਾਨ ਰਸਤੇ ਵੱਲ ਮੋੜ ਲਈ ਜਿਸ ਦੀ ਮੈਂ ਵਿਰੋਧਤਾ ਕੀਤੀ ਤਾਂ ਉਸਨੇ ਕਿਹਾ ਕਿ ਆਪਣਾ ਲੜਕਾ ਇਸ ਪਾਸੇ ਮੇਰੇ ਇਕ ਦੋਸਤ ਦੇ ਘਰ ਹੈ | ਜਸਵਿੰਦਰ ਕੌਰ ਨੇ ਦੱਸਿਆ ਕਿ ਮੇਰੇ ਪਤੀ ਨੇ ਇਕ ਸੁੰਨਸਾਨ ਥਾਂ 'ਤੇ ਗੱਡੀ ਰੋਕ ਕੇ ਮੇਰੇ ਹੱਥ ਪੈਰ ਰੱਸੀ ਨਾਲ ਬੰਨ੍ਹ ਦਿੱਤੇ ਅਤੇ ਮੇਰੀ ਗਰਦਨ ਅਤੇ ਚਿਹਰੇ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕਾਤਲਾਨਾ ਹਮਲਾ ਕਰਦਿਆਂ ਕਿਹਾ ਕਿ ਮੈਂ ਅੱਜ ਤੈਨੂੰ ਜਿਊਾਦਾ ਨਹੀਂ ਛੱਡਾਂਗਾ | ਜਸਵਿੰਦਰ ਕੌਰ ਅਨੁਸਾਰ ਮੇਰੇ ਪਤੀ ਨੇ ਫੱਟੜ ਕਰਨ ਤੋਂ ਬਾਅਦ ਮੇਰੇ ਹੱਥ ਪੈਰ ਬੰਨ੍ਹ ਕੇ ਜ਼ਖਮੀ ਹਾਲਤ ਵਿਚ ਗੱਡੀ 'ਚੋਂ ਬਾਹਰ ਸੁੱਟ ਦਿੱਤਾ ਅਤੇ ਗੱਡੀ 'ਤੇ ਫ਼ਰਾਰ ਹੋ ਗਿਆ | ਉਸ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਮੈਂ ਬੇਹੋਸ਼ੀ 'ਚੋਂ ਵਾਪਸ ਆਈ ਤਾਂ ਕਿਸੇ ਤਰ੍ਹਾਂ ਰੱਸੀ 'ਚੋਂ ਆਪਣੇ ਹੱਥ ਪੈਰ ਕੱਢ ਕੇ ਸੜਕ 'ਤੇ ਆ ਗਈ | ਉਸ ਨੇ ਹੋਰ ਦੱਸਿਆ ਕਿ ਆਉਂਦੇ ਜਾਂਦੇ ਰਾਹਗੀਰਾਂ ਨੂੰ ਰਹਿਮ ਦੀ ਅਪੀਲ ਕੀਤੀ ਤਾਂ ਮੈਨੂੰ ਦਲਬੀਰ ਸਿੰਘ ਵਾਸੀ ਪਿੰਡ ਮਨਸੂਰਵਾਲ ਕਲਾਂ ਨੇ ਇਨਸਾਨੀਅਤ ਦੇ ਨਾਤੇ ਮੇਰੇ 'ਤੇ ਰਹਿਮ ਕਰਦਿਆਂ 108 ਨੰਬਰ ਡਾਇਲ ਕਰਕੇ ਐਂਬੂਲੈਂਸ ਬੁਲਾਈ ਅਤੇ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆ ਕੇ ਦਾਖਲ ਕਰਵਾਇਆ | ਸਿਵਲ ਹਸਪਤਾਲ ਜ਼ੀਰਾ ਦੇ ਮੈਡੀਕਲ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੌਰ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਰਹੇ ਹਾਂ | ਜਦੋਂ ਇਸ ਸਬੰਧੀ ਥਾਣਾ ਸਦਰ ਜ਼ੀਰਾ ਦੇ ਐੱਸ.ਐੱਚ.ਓ. ਬਲਜਿੰਦਰ ਸਿੰਘ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਪੀ.ਸੀ.ਆਰ. ਤੋਂ ਸੂਚਨਾ ਮਿਲੀ ਹੈ ਅਤੇ ਇਸ ਸਬੰਧ ਵਿਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |