ਅਬੋਹਰ,31 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਕਰੀਬ 15 ਦਿਨ ਦੀ ਬੰਦੀ ਤੋਂ ਬਾਅਦ ਮਲੂਕਪੁਰਾ ਨਹਿਰ 'ਚ ਕੱਲ੍ਹ ਹੀ ਪਾਣੀ ਆਇਆ ਸੀ | ਨਹਿਰ 'ਚ ਪਾਣੀ ਆਉਂਦਿਆਂ ਪਿੰਡ ਮਲੂਕਪੁਰਾ ਨੇੜੇ ਮਲੂਕਪੁਰਾ ਮੇਨ ਨਹਿਰ ਅਚਾਨਕ ਟੁੱਟ ਗਈ | ਨਹਿਰ ਟੁੱਟਣ ਨਾਲ ਪਟੜੀ ਵਿਚ ਕਰੀਬ 200 ਫੁੱਟ ਪਾੜ ਪੈ ਗਿਆ ਹੈ | ਸੈਂਕੜੇ ਏਕੜ ਖੇਤਾਂ ਵਿਚ ਪਾਣੀ ਭਰ ਗਿਆ ਹੈ | ਖੇਤਾਂ 'ਚ ਟਿਊਬਵੈੱਲ 'ਤੇ ਲੱਗੀਆਂ ਕਿਸਾਨਾਂ ਦੀਆਂ ਮੋਟਰਾਂ ਵੀ ਪਾਣੀ ਨਾਲ ਖ਼ਰਾਬ ਹੋ ਗਈਆਂ | ਦੂਜੇ ਪਾਸੇ ਇਹ ਮੇਨ ਨਹਿਰ ਟੁੱਟਣ ਨਾਲ ਅਬੋਹਰ, ਬੱਲੂਆਣਾ ਵਿਧਾਨ ਸਭਾ ਹਲਕਿਆਂ ਦੇ ਕਰੀਬ 100 ਪਿੰਡਾਂ ਦੇ ਕਿਸਾਨਾਂ ਅਤੇ ਬਾਗ਼ਬਾਨ ਕਿਸਾਨ ਵਿਚ ਨਹਿਰੀ ਪਾਣੀ ਨੂੰ ਲੈ ਕੇ ਹਾਹਾਕਾਰ ਮਚ ਗਈ ਹੈ | ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਸਕੱਤਰ ਗੁਣਵੰਤ ਸਿੰਘ ਪੰਜਾਵਾ, ਬੀ.ਕੇ.ਯੂ.ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ, ਸ਼ੇਰੇ ਪੰਜਾਬ ਦੇ ਬੁਲਾਰੇ ਅਜੇ ਵਧਵਾ, ਕੁਲਦੀਪ ਸਿੰਘ ਸ਼ੇਰਗੜ੍ਹ ਆਦਿ ਕਿਸਾਨ ਆਗੂਆਂ ਅਤੇ ਬਾਗ਼ਬਾਨ ਕਿਸਾਨਾਂ ਦਾ ਕਹਿਣਾ ਹੈ ਕਿ 15 ਦਿਨ ਪਹਿਲਾਂ ਤਾਂ ਨਹਿਰੀ ਵਿਭਾਗ ਨੇ ਸਫ਼ਾਈ ਬਹਾਨੇ ਬੇਮੌਸਮੀ ਇਸ ਮੇਨ ਨਹਿਰ ਦੀ ਬੰਦੀ ਕਰ ਦਿੱਤੀ | ਹੁਣ ਜਦੋਂ ਨਹਿਰ 'ਚ ਪਾਣੀ ਛੱਡਿਆ ਤਾਂ ਨਹਿਰ ਟੁੱਟ ਗਈ | ਉਪਰੋਂ ਕੜਾਕੇ ਦੀ ਗਰਮੀ ਪੈ ਰਹੀ ਹੈ | ਬਾਗ਼ਬਾਨ ਕਿਸਾਨਾਂ ਦੇ ਕਿੰਨੂ ਮਾਲਟੇ ਦੇ ਬਾਗ਼ ਨਹਿਰੀ ਪਾਣੀ ਬਿਨਾਂ ਸੁੱਕ ਰਹੇ ਹਨ | ਧਰਤੀ ਦੇ ਥੱਲੇ ਦਾ ਪਾਣੀ ਖਾਰਾ ਹੈ | ਪਾਣੀ ਨਾ ਮਿਲਣ ਕਾਰਨ ਬਾਗ਼ਾਂ ਦਾ ਫਲ ਝੜ ਕੇ ਧਰਤੀ 'ਤੇ ਡਿਗ ਰਿਹਾ ਹੈ | ਨਹਿਰੀ ਵਿਭਾਗ ਕਿਸਾਨਾਂ ਦਾ ਬਿਲਕੁਲ ਵੀ ਦਰਦ ਨਹੀਂ ਸਮਝ ਰਿਹਾ | ਨਹਿਰੀ ਵਿਭਾਗ ਨੂੰ ਬੇਮੌਸਮੀ ਬੰਦੀ ਹੀ ਨਹੀਂ ਕਰਨੀ ਚਾਹੀਦੀ ਸੀ | ਹੁਣ ਵੀ ਵੱਡੀ ਪੱਧਰ 'ਤੇ ਲੇਬਰ ਲਗਾ ਕੇ ਹੱਥੋਂ ਹੱਥ ਨਹਿਰ ਬੰਨ੍ਹ ਕੇ ਤੁਰੰਤ ਮੇਨ ਨਹਿਰ 'ਚ ਪਾਣੀ ਛੱਡਣਾ ਚਾਹੀਦਾ ਹੈ | ਜਦੋਂ ਨਹਿਰੀ ਵਿਭਾਗ ਦੇ ਐਸ.ਡੀ.ਓ.ਜਸਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਵੀ ਨਹਿਰ ਟੁੱਟਣ ਦਾ ਦੁੱਖ ਹੈ, | ਪਿੱਛੋਂ ਸਰਾਵਾ ਹੈੱਡ ਤੋਂ ਪਾਣੀ ਬੰਦ ਕਰ ਦਿੱਤਾ ਹੈ | ਜਲਦੀ ਹੀ ਨਹਿਰ ਬੰਨ੍ਹ ਦਿੱਤੀ ਜਾਵੇਗੀ |