ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲਸ਼ਾਹ ਖੁੱਬਣ ਵਿਖੇ ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ ਦੀ ਅਗਵਾਈ ਹੇਠ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਸ਼੍ਰੀਮਤੀ ਅਭਿਰੁਚੀ ਦੁਆਰਾ ਪੋਸਟਰ ਅਤੇ ਸਲੋਗਨ ਲਿਖਣ ਪ੍ਰਤੀਯੋਗਤਾ ਕਰਵਾਈ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਫਾਊਾਡੇਸ਼ਨ ਦੀ ਮਦਦ ਨਾਲ ਇਨਾਮ ਵੰਡੇ ਗਏ | ਸਾਇੰਸ ਅਧਿਆਪਕਾ ਸ੍ਰੀਮਤੀ ਮਨੀਸ਼ਾ ਕੰਵਰ ਵਲੋਂ ਇਸ ਮੌਕੇ ਇਕ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਸਾਇੰਸ ਅਧਿਆਪਕਾ ਸ਼੍ਰੀਮਤੀ ਮਨਵਿੰਦਰ ਕੌਰ ਵਲੋਂ ਬੱਚਿਆਂ ਨੂੰ ਸਵੇਰ ਦੀ ਸਭਾ ਵਿਚ ਤੰਬਾਕੂ ਅਤੇ ਹੋਰ ਨਸ਼ਿਆਂ ਬਾਰੇ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਕਿ ਤੰਬਾਕੂਨੋਸ਼ੀ ਅਤੇ ਤੰਬਾਕੂ ਦਾ ਸੇਵਨ ਸਾਡੀ ਸਿਹਤ ਲਈ ਨੁਕਸਾਨਦੇਹ ਹੈ | ਆਓ ਅਸੀਂ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾ ਕੇ ਸਮਾਜ ਨੂੰ ਤੰਬਾਕੂ ਤੋਂ ਮੁਕਤ ਬਣਾਉਣ ਦਾ ਪ੍ਰਣ ਕਰੀਏ | ਤੰਬਾਕੂ ਦੀ ਵਰਤੋਂ ਸਿਹਤ ਲਈ ਬਹੁਤ ਹਾਨੀਕਾਰਕ ਹੈ | ਇਸ ਨਾਲ ਕਈ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਸਾਹ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ | ਸਕੂਲ ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ ਵਲੋਂ ਵੀ ਬੱਚਿਆਂ ਨੂੰ ਦੱਸਿਆ ਗਿਆ ਕਿ ਤੰਬਾਕੂ ਛੱਡਣ ਨਾਲ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਹੁੰਦਾ ਹੈ ਅਤੇ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰਾਖੀ ਕਰ ਸਕਦੇ ਹੋ |