ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)-ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਗਰਮ ਹਵਾਵਾਂ ਦਾ ਤਾਅ ਝੱਲ ਰਹੀ ਮਾਲਵਾ ਬੈਲਟ ਨੂੰ ਵੀ ਹੁਣ ਕਿਧਰੇ ਸੁੱਖ ਦਾ ਸਾਹ ਆਇਆ ਹੈ | ਮਾਲਵੇ ਦੇ ਪ੍ਰਮੁੱਖ ਜ਼ਿਲ੍ਹੇ ਫ਼ਾਜ਼ਿਲਕਾ ਅੰਦਰ ਸਾਉਣੀ ਸੀਜ਼ਨ ਦੀ ਹੋਈ ਪਹਿਲੀ ਬਰਸਾਤ ਨੇ ਹੀ ਅਸ਼ ਅਸ਼ ਕਰਵਾ ਦਿੱਤੀ | ਮੰਗਲਵਾਰ ਬਾਅਦ ਦੁਪਹਿਰ ਬਦਲੇ ਮੌਸਮ ਦੇ ਮਿਜ਼ਾਜ ਕਾਰਨ ਪਹਿਲਾਂ ਚੱਲੇ ਤੇਜ਼ ਤੂਫ਼ਾਨ ਤੋਂ ਬਾਅਦ ਆਏ ਮੋਹਲ਼ੇਧਾਰ ਮੀਂਹ ਨੇ ਹਰ ਪਾਸੇ ਪਾਣੀ ਪਾਣੀ ਕਰ ਦਿੱਤਾ | ਜਿਸ ਨਾਲ ਲੋਕਾਂ ਨੇ ਇਕ ਵਾਰ ਗਰਮੀ ਤੋਂ ਰਾਹਤ ਪ੍ਰਾਪਤ ਕੀਤੀ ਹੈ, ਉੱਥੇ ਹੀ ਤਪਸ਼ ਨਾਲ ਸਰਾਬੋਰ ਹੋਈਆਂ ਜ਼ਮੀਨਾਂ ਨੂੰ ਵੀ ਕਿਧਰੇ ਨਾ ਕਿਧਰੇ ਰਾਹਤ ਮਿਲੀ ਹੈ | ਹਾਲਾਂਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਲਵਾਈ ਦੀਆਂ ਜਾਰੀ ਕੀਤੀਆਂ ਤਰੀਕਾਂ ਮੁਤਾਬਿਕ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਪਹਿਲੇ ਜ਼ੋਨ ਵਿਚ ਰੱਖਿਆ ਹੈ | ਜਿੱਥੇ 1 ਜੂਨ ਤੋਂ ਲਵਾਈ ਸ਼ੁਰੂ ਹੈ, ਉੱਪਰੋਂ ਪਏ ਮੀਂਹ ਨੇ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ ਹੈ, ਪਰ ਵੱਡੀ ਬਦਕਿਸਮਤੀ ਇਹ ਹੈ ਕਿ ਬਹੁਤਾਤ ਗਿਣਤੀ 'ਚ ਕਿਸਾਨਾਂ ਦੀਆਂ ਅਜੇ ਪਨੀਰੀਆਂ ਹੀ ਤਿਆਰ ਨਹੀਂ ਹੋਈਆਂ ਹਨ | ਮੰਗਲਵਾਰ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਆਈਆਂ ਕਾਲੀਆਂ ਘਟਾਵਾਂ ਜਦੋਂ ਵਰ੍ਹੀਆਂ ਤਾਂ ਫ਼ਾਜ਼ਿਲਕਾ ਇਲਾਕੇ ਅੰਦਰ ਪਾਣੀ ਹੀ ਪਾਣੀ ਹੋ ਗਿਆ | ਫ਼ਾਜ਼ਿਲਕਾ ਸ਼ਹਿਰ ਦਾ ਕੋਈ ਅਜਿਹਾ ਇਲਾਕਾ ਜਾਂ ਗਲੀ ਨਹੀਂ ਹੋਣੀ ਜਿੱਥੇ ਪਾਣੀ ਨਾ ਖੜਿਆ ਹੋਵੇ | ਭਾਰੀ ਮੀਂਹ ਕਾਰਨ ਫ਼ਾਜ਼ਿਲਕਾ ਦੀ ਡੈਡ ਹਾਊਸ ਰੋਡ, ਬਸਤੀ ਹਜ਼ੂਰ ਸਿੰਘ ਦੀਆਂ ਗਲੀਆਂ, ਮਲਕਾਣਾ ਮੁਹੱਲਾ, ਗਾਂਧੀ ਨਗਰ, ਰਾਧਾ ਸੁਆਮੀ ਕਾਲੋਨੀ ਦੀਆਂ ਗਲੀਆਂ ਮੀਂਹ ਨਾਲ ਨੱਕੋਂ ਨੱਕ ਭਰ ਗਈਆਂ ਅਤੇ ਬਰਸਾਤ ਰੁਕਣ ਤੋਂ ਦੋ ਘੰਟੇ ਬਾਅਦ ਤੱਕ ਗਲੀਆਂ ਖ਼ਾਲੀ ਨਹੀਂ ਸਨ ਹੋਈਆਂ |