ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਦੀ ਕਿਰਸਾਨੀ ਅਤੇ ਮੁਸ਼ਕਲਾਂ ਦਾ ਹਮੇਸ਼ਾ ਹੀ ਨਹੁੰ ਮਾਸ ਦਾ ਰਿਸ਼ਤਾ ਰਿਹਾ ਹੈ, ਭਾਵੇਂ ਉਹ ਮੁਸੀਬਤਾਂ ਕੁਦਰਤੀ ਆਫ਼ਤਾਂ ਕਾਰਨ ਹੋਣ ਜਾਂ ਫਿਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ, ਇਸ ਦੀ ਚੱਕੀ 'ਚ ਹਮੇਸ਼ਾ ਹੀ ਪੰਜਾਬ ਦੀ ਕਿਰਸਾਨੀ ਨੂੰ ਪਿਸਣਾ ਪੈਂਦਾ ਹੈ | ਇਸ ਸਮੇਂ ਪੰਜਾਬ ਵਿਚ ਸਾਉਣੀ ਦੀਆਂ ਦੀਆਂ ਫ਼ਸਲਾਂ ਦਾ ਪੀਕ ਸੀਜ਼ਨ ਚੱਲ ਰਿਹਾ ਹੈ, ਸਰਕਾਰ ਵਲੋਂ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਲਵਾਈ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ, ਪਰ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਕਿਸਾਨਾਂ ਨੂੰ ਸਿੱਧੀ ਬਿਜਾਈਾ ਅਤੇ ਲਗਾਏ ਗਏ ਝੋਨੇ ਨੂੰ ਪਾਉਣ ਲਈ ਡੀ.ਏ.ਪੀ ਖਾਦ ਦੀ ਕਿੱਲਤ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਵੀਂਆਂ ਜਾਰੀ ਕੀਤੀਆਂ ਗਈਆਂ ਤਰੀਕਾਂ ਮੁਤਾਬਿਕ ਫ਼ਾਜ਼ਿਲਕਾ ਜ਼ਿਲੇ੍ਹ ਨੂੰ ਪਹਿਲੇ ਜ਼ੋਨ ਵਿਚ ਰੱਖਿਆ ਗਿਆ ਹੈ | ਜਿੱਥੇ ਇਕ ਜੂਨ ਤੋਂ ਲਵਾਈ ਸ਼ੁਰੂ ਹੈ | ਜਿਸ ਦੇ ਚਲਦਿਆਂ ਜ਼ਿਲ੍ਹੇ ਵਿਚ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ, ਪਰ ਉੱਧਰ ਦੂਜੇ ਪਾਸੇ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਡੀ.ਏ.ਪੀ. ਖਾਦ ਦੀ ਕਿੱਲਤ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਫ਼ਾਜ਼ਿਲਕਾ ਦੇ ਪਿੰਡ ਖ਼ਰਾਸ ਵਾਲੀ ਦੇ ਕਿਸਾਨ ਹਰਬੰਸ ਸਿੰਘ ਅਤੇ ਸ਼ਾਮ ਲਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਝੋਨੇ ਦੀ ਬਿਜਾਈ ਦੇ ਲਈ ਆਪਣੇ ਖੇਤ ਤਿਆਰ ਕਰ ਲਏ ਗਏ ਹਨ | ਬਾਜ਼ਾਰ ਵਿਚ ਕਿਸੇ ਵੀ ਦੁਕਾਨ ਜਾਂ ਸੁਸਾਇਟੀ ਵਿਚ ਡੀ.ਏ.ਪੀ ਖਾਦ ਨਾ ਮਿਲਣ ਕਾਰਨ ਉਹ ਝੋਨੇ ਦੀ ਬਿਜਾਈ ਕਰਨ ਵਿਚ ਅਸਮਰਥ ਹਨ | ਕਿਸਾਨਾਂ ਨੇ ਕਿਹਾ ਜੇਕਰ ਬਾਜ਼ਾਰ 'ਚ ਕਿਸੇ ਦੁਕਾਨ ਤੋਂ ਡੀ.ਏ.ਪੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਉਸ ਦੇ ਨਾਲ ਧੱਕੇ ਨਾਲ 500 ਤੋਂ 600 ਦੀ ਕੀਮਤ ਦੀ ਨੈਨੋ ਦਿੱਤੀ ਜਾ ਰਹੀ ਹੈ ਜੋਕਿ ਉਨ੍ਹਾਂ ਦੇ ਕਿਸੇ ਕੰਮ ਦੀ ਨਹੀਂ ਹੈ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਨੇ ਝੋਨੇ ਦੀ ਬਿਜਾਈ ਦੀ ਤਰੀਕ ਨਿਸ਼ਚਿਤ ਕੀਤੀ ਹੈ ਤਾਂ ਸਰਕਾਰ ਨੂੰ ਬਾਜ਼ਾਰ ਦੇ ਵਿਚ ਖਾਦ ਵੀ ਮੁਹੱਈਆ ਕਰਵਾਉਣੀ ਚਾਹੀਦੀ ਹੈ, ਤਾਂਕਿ ਕਿਸਾਨਾਂ ਨੂੰ ਕਾਲਾ ਬਾਜ਼ਾਰੀ ਦਾ ਸ਼ਿਕਾਰ ਨਾ ਹੋਣਾ ਪਾਵੇ ਅਤੇ ਸਮਾਂ ਰਹਿੰਦੇ ਫ਼ਸਲ ਦੀ ਬਿਜਾਈ ਕਰ ਸਕਣ | ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਫ਼ਾਜ਼ਿਲਕਾ ਦੇ ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਕਿ੍ਸ਼ਨ ਕੰਬੋਜ ਨਾਲ ਗੱਲ ਕੀਤੀ ਤਾਂ ਉਹਨਾਂ ਵੀ ਮੰਨਿਆ ਕਿ ਬਾਜ਼ਾਰ ਵਿਚ ਇਸ ਸਮੇਂ ਕਿਸੇ ਵੀ ਦੁਕਾਨ 'ਤੇ ਡੀ.ਏ.ਪੀ ਮੌਜੂਦ ਨਹੀਂ ਹੈ | ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਬਾਜ਼ਾਰ 'ਚ ਹੀ ਨਹੀਂ ਬਲਕਿ ਸਰਕਾਰ ਦੀਆਂ ਏਜੰਸੀਆਂ ਇਫਕੋ ਅਤੇ ਕਰਿਭਕੋ ਆਦਿ ਵੀ ਕਿਸਾਨ ਨੂੰ ਡੀ.ਏ.ਪੀ ਦੇ ਨਾਲ ਨੈਨੋ ਡੀ.ਏ.ਪੀ ਆਦਿ ਦੇ ਰਹੀ ਹੈ | ਜੋ ਕਿਸਾਨ ਨਹੀਂ ਲੈਣਾ ਚਾਹੁੰਦੇ | ਉੱਧਰ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪਹਿਲਾਂ ਹੀ ਕਿਸਾਨੀ ਮੰਦੀ ਦਾ ਸੌਦਾ ਬਣ ਕੇ ਰਹਿ ਗਈ ਹੈ, ਦੂਜੇ ਪਾਸੇ ਪੈਸੇ ਲਗਾ ਕੇ ਜੇਕਰ ਸਾਨੂੰ ਖਾਦਾਂ ਨਹੀਂ ਮਿਲਣੀਆਂ ਤਾਂ ਫਿਰ ਅਸੀਂ ਵਾਹੀ ਕਰਨੀ ਬੰਦ ਕਰ ਦਿੰਦੇ ਹਾਂ 'ਤੇ ਪੰਜਾਬ ਦੀਆ ਜ਼ਮੀਨਾਂ ਵੀ ਬੰਜਰ ਹੋ ਜਾਣਗੀਆਂ | ਜਿਸ ਦੀਆਂ ਜ਼ਿੰਮੇਵਾਰ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਹੋਣਗੀਆਂ |
ਦਿਨੋ-ਦਿਨ ਪੰਜਾਬ ਦੀ ਕਿਰਸਾਨੀ ਬਣਦੀ ਜਾ ਰਹੀ ਹੈ ਘਾਟੇ ਦਾ ਸੌਦਾ
ਅਜੀਤ ਡੈਸਕ
04-06-2025