ਅਬੋਹਰ, 3 ਜੂਨ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਹਨੂਮਾਨਗੜ੍ਹ ਰੋਡ ਸਥਿਤ ਸਿਟੀ ਵਾਕ ਮਾਲ ਦੀਆਂ 2 ਦੁਕਾਨਾਂ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਚੰਡੀਗੜ੍ਹ ਤੋਂ ਆਏ ਵਕੀਲ ਅਤੇ ਉੱਚ ਅਧਿਕਾਰੀਆਂ ਦੀ ਟੀਮ ਨੇ ਲੋਕਲ ਪ੍ਰਸ਼ਾਸਨ ਅਤੇ ਪੁਲਿਸ ਦੀ ਹਾਜ਼ਰੀ 'ਚ ਸੀਲ ਕਰ ਦਿੱਤੀਆਂ | ਮਿਲੀ ਜਾਣਕਾਰੀ ਅਨੁਸਾਰ ਪ੍ਰਸਿੱਧ ਕਾਰੋਬਾਰੀ ਆਰ.ਡੀ. ਗਰਗ ਦੇ ਹਨੂਮਾਨਗੜ੍ਹ ਰੋਡ ਸਥਿਤ ਸਿਟੀ ਵਾਕ ਮਾਲ 'ਤੇ ਅੱਜ ਚੰਡੀਗੜ੍ਹ ਤੋਂ ਆਏ ਵਕੀਲ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਨੇ ਨਾਇਬ ਤਹਿਸੀਲਦਾਰ ਅਬੋਹਰ ਅਤੇ ਭਾਰੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਦੇ ਨਾਲ ਮਾਲ 'ਚ ਪੜਤਾਲ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਵਕੀਲ ਐਡਵੋਕੇਟ ਕੇ.ਐਸ. ਭੁੱਲਰ ਨੇ ਦੱਸਿਆ ਕਿ ਗਰਗ ਪਰਿਵਾਰ ਵਲੋਂ ਮਾਲ ਦੀ ਉਕਤ ਜਗ੍ਹਾ 'ਤੇ ਕਰੀਬ 2 ਕਰੋੜ 30 ਲੱਖ ਦਾ ਲੋਨ ਪੰਜਾਬ ਨੈਸ਼ਨਲ ਬੈਂਕ ਤੋਂ ਲਿਆ ਗਿਆ ਸੀ, ਜੋ ਨਾ ਭਰੇ ਜਾਣ ਕਾਰਨ ਬੈਂਕ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੀਆਂ ਹਦਾਇਤਾਂ ਅਨੁਸਾਰ ਅੱਜ ਉਕਤ ਪ੍ਰਾਪਰਟੀ 'ਤੇ ਸਥਿਤ 2 ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ | ਇਸ ਮੌਕੇ ਹਾਜ਼ਰ ਨਾਇਬ ਤਹਿਸੀਲਦਾਰ ਗੁਰਗੁਲਾਬ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਹੁਕਮਾਂ ਦੇ ਨਾਲ ਉਹ ਡਿਊਟੀ ਮੈਜਿਸਟਰੇਟ ਤਹਿਤ ਬੈਂਕ ਅਧਿਕਾਰੀਆਂ ਦੀ ਕਾਰਵਾਈ ਵਿਚ ਸ਼ਾਮਿਲ ਹੋਏ ਹਨ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ | ਸਿਟੀ ਵਾਕ ਮਾਲ ਦੇ ਮਾਲਕ ਆਰ.ਡੀ ਗਰਗ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ ਜਦ ਕਿ ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਦੁਕਾਨਾਂ 'ਤੇ ਕੁੱਝ ਸਮਾਂ ਪਹਿਲਾਂ ਈਜੀ ਡੇਅ ਕੰਪਨੀ ਦਾ ਸਟੋਰ ਸੀ, ਜਿਸ ਨਾਲ ਗਰਗ ਪਰਿਵਾਰ ਦਾ ਲੈਣ-ਦੇਣ ਸੰਬੰਧੀ ਵਿਵਾਦ ਚੱਲ ਰਿਹਾ ਹੈ ਅਤੇ ਜਲਦੀ ਹੀ ਉਕਤ ਬੈਂਕ ਨਾਲ ਚੱਲਦਾ ਮਸਲਾ ਵੀ ਹੱਲ ਕਰ ਲਿਆ ਜਾਵੇਗਾ |
ਸਿਟੀ ਵਾਕ ਮਾਲ ਦੀਆਂ 2 ਦੁਕਾਨਾਂ ਪੰਜਾਬ ਨੈਸ਼ਨਲ ਬੈਂਕ ਨੇ ਕੀਤੀਆਂ ਸੀਲ
ਅਜੀਤ ਡੈਸਕ
04-06-2025