ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਨੌਜਵਾਨ ਰੇਹੜੀ ਚਾਲਕ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਤੋਂ ਬਾਅਦ ਟੱਕਰ ਮਾਰਨ ਵਾਲੇ ਅਣਪਛਾਤੇ ਕੈਂਟਰ ਡਰਾਈਵਰ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਭਗਵਾਨ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਤ ਰਾਮ ਪੁੱਤਰ ਪੂਰਨ ਚੰਦ ਵਾਸੀ ਰਾਧਾ ਸੁਆਮੀ ਕਾਲੋਨੀ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸ ਦਾ ਭਰਾ ਅਸ਼ਵਨੀ ਕੁਮਾਰ ਭੱਠੇ 'ਤੇ ਕੱਚੀਆਂ ਇੱਟਾਂ ਦੀ ਭਰਾਈ ਦਾ ਕੰਮ ਕਰਦਾ ਹੈ | ਹਰ ਰੋਜ਼ ਦੀ ਤਰ੍ਹਾਂ ਅੱਜ ਦੀ ਕਰੀਬ 4 ਵਜੇ ਸਵੇਰੇ ਉਹ ਦੋਵੇਂ ਰੇਹੜੇ ਲੈ ਕੇ ਭੱਠੇ ਤੇ ਇੱਟਾਂ ਦੀ ਭਰਾਈ ਕਰਨ ਜਾ ਰਹੇ ਸਨ | ਜਦੋਂ ਉਸ ਦਾ ਭਰਾ ਅਸ਼ਵਨੀ ਦਾ ਰੇਹੜਾ ਉਸ ਤੋਂ ਕਰੀਬ 100 ਕੁ ਮੀਟਰ ਅੱਗੇ ਦਾਣਾ ਮੰਡੀ ਗੇਟ ਦੇ ਨੇੜੇ ਪੁਲ ਚੜ੍ਹ ਰਿਹਾ ਸੀ | ਉਸ ਕੋਲੋਂ ਉਸ ਵਕਤ ਇਕ ਕੈਂਟਰ ਬਹੁਤ ਤੇਜ਼ ਰਫ਼ਤਾਰ 'ਚ ਮੈਨੂੰ ਕਰਾਸ ਕੀਤਾ ਅਤੇ ਉਸ ਦੇ ਭਰਾ ਦੇ ਰੇਹੜੇ-ਘੋੜੇ ਵਿਚ ਮਾਰਿਆ | ਦੇਖਦੇ-ਦੇਖਦੇ ਉਸ ਦਾ ਭਰਾ ਰੇਹੜੇ ਘੋੜੇ ਸਮੇਤ ਸੜਕ 'ਤੇ ਡਿਗ ਗਿਆ | ਕੈਂਟਰ ਡਰਾਈਵਰ ਕੈਂਟਰ ਰੋਕ ਕੇ ਹੇਠਾਂ ਉੱਤਰਿਆ ਹੀ ਸੀ ਇੰਨੀ ਦੇਰ ਨੂੰ ਉਹ ਉੱਥੇ ਪੁੱਜਿਆ ਤਾਂ ਕੈਂਟਰ ਡਰਾਈਵਰ ਉਸ ਨੂੰ ਦੇਖ ਕੇ ਕੈਂਟਰ ਭੱਜਾ ਕੇ ਲੈ ਗਿਆ | ਕੈਂਟਰ ਦਾ ਅਗਲਾ ਟਾਇਰ ਉਸ ਦੇ ਭਰਾ ਦੇ ਸਿਰ ਤੋਂ ਲੰਘ ਗਿਆ ਸੀ | ਜਿਸ ਕਾਰਨ ਉਸ ਦੇ ਭਰਾ ਅਸ਼ਵਨੀ ਦੀ ਮੌਕੇ 'ਤੇ ਮੌਤ ਹੋ ਗਈ | ਜਿਸ ਤੋਂ ਬਾਅਦ ਪੁਲਿਸ ਨੇ ਮੰਗਤ ਰਾਮ ਦੇ ਬਿਆਨਾਂ 'ਤੇ ਉਕਤ ਕਥਿਤ ਅਣਪਛਾਤੇ ਕੈਂਟਰ ਡਰਾਈਵਰ 'ਤੇ ਧਾਰਾ 281,106,324(4) ਬੀਐਨਐਸ 279, 304-ਏ, 427 ਦੇ ਅਧੀਨ ਪਰਚਾ ਦਰਜ ਕੀਤਾ ਹੈ |