ਸਕੂਲ 'ਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ 1 ਗਿ੍ਫ਼ਤਾਰ
ਅਜੀਤ ਡੈਸਕ
05-06-2025
ਟੱਕਰ ਮਾਰਨ ਵਾਲੇ ਟਰੱਕ ਚਾਲਕ ਖ਼ਿਲਾਫ਼ ਪਰਚਾ ਦਰਜ
ਫ਼ਾਜ਼ਿਲਕਾ, 4 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਨਾਮਾਲੂਮ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਮੁਖ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਚੱਕ ਪੰੁਨਾਂ ਵਾਲੀ ਉਰਫ਼ ਖਲਚੀਆਂ ਨੇ ਦੱਸਿਆ ਕਿ ਉਹ ਆਪਣੇ ਫੋਰਡ 3600 ਟਰੈਕਟਰ 'ਤੇ ਸਵਾਰ ਹੋ ਕੇ ਉਸ ਨੂੰ ਟਾਇਰ ਪਵਾਉਣ ਲਈ ਆ ਰਹੇ ਸੀ | ਜਦੋਂ ਟੀ ਪੁਆਇੰਟ ਲਾਲੋਵਾਲੀ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਟਰੱਕ ਟਰਾਲਾ ਚਾਲਕ ਤੇਜ਼ ਰਫ਼ਤਾਰ ਨਾਲ ਆਇਆ ਅਤੇ ਉਸ ਨੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ | ਜਿਸ ਨਾਲ ਮੇਰੇ ਗੰਭੀਰ ਸੱਟਾਂ ਵੱਜੀਆਂ ਹਨ | ਜਿਸ ਤੋਂ ਬਾਅਦ ਪੁਲਿਸ ਨੇ ਹੁਣ ਗੁਰਮੁਖ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਚਾਲਕ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ |
ਪਿੰਡ ਮੀਨਿਆਂ ਵਾਲਾ ਦੀ ਔਰਤ ਭੇਦਭਰੀ ਹਾਲਤ 'ਚ ਲਾਪਤਾ
ਮੰਡੀ ਰੋੜਾਂਵਾਲੀ, 4 ਜੂਨ (ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਲੱਗਦੇ ਪਿੰਡ ਮੀਨਿਆਂ ਵਾਲਾ ਨਿਵਾਸੀ ਇਕ ਔਰਤ ਦੇ ਪਿਛਲੇ ਦੋ ਦਿਨ ਤੋਂ ਭੇਦਭਰੀ ਹਾਲਤ 'ਚ ਲਾਪਤਾ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਲਾਪਤਾ ਔਰਤ ਮਨਪ੍ਰੀਤ ਕੌਰ 50 ਸਾਲ ਦੇ ਪਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਗ਼ਰੀਬ ਜਾਤੀ ਨਾਲ ਸੰਬੰਧ ਰੱਖਦਾ ਹੈ | ਉਹ ਅਤੇ ਉਸ ਦੀ ਪਤਨੀ ਸੋਮਵਾਰ ਦੀ ਦੁਪਹਿਰ ਸਮੇਂ ਘਰ ਵਿਚ ਇਕੱਠੇ ਸਨ | ਉਸ ਦੇ ਦੋ ਪੁੱਤਰ ਹਨ ਜੋ ਰੋਜ਼ੀ ਰੋਟੀ ਲਈ ਦੁਬਈ ਵਿਚ ਗਏ ਹੋਏ ਹਨ, ਜਦ ਕਿ ਲੜਕੀ ਦੀ ਉਸ ਵਲੋਂ ਪਿਛਲੇ ਸਾਲ ਸ਼ਾਦੀ ਕਰ ਦਿੱਤੀ ਗਈ ਸੀ | ਪੀੜਤ ਨੇ ਦੱਸਿਆ ਕਿ ਉਹ ਸੋਮਵਾਰ ਦੀ ਦੁਪਹਿਰ ਸਮੇਂ ਸੋ ਰਿਹਾ ਸੀ, ਪਿੱਛੋਂ ਉਸ ਦੀ ਪਤਨੀ ਬਿਨਾਂ ਦੱਸੇ ਘਰ ਤੋਂ ਕਿਤੇ ਚਲੀ ਗਈ ਹੈ | ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਵਲੋਂ ਉਸ ਦੀ ਹਰ ਜਗ੍ਹਾ ਭਾਲ ਕਰ ਲਈ ਹੈ, ਪਰ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ | ਪੀੜਤ ਨੇ ਦੱਸਿਆ ਕਿ ਉਹ ਕੁੱਝ ਦਿਨ ਤੋਂ ਦਿਮਾਗ਼ੀ ਪ੍ਰੇਸ਼ਾਨ ਸੀ | ਪੀੜਤ ਵਲੋਂ ਇਸ ਦੀ ਇਤਲਾਹ ਪੁਲਿਸ ਚੌਂਕੀ ਲੱਧੂ ਵਾਲਾ ਉਤਾੜ ਵਿਖੇ ਦੇ ਦਿੱਤੀ ਗਈ ਹੈ |