ਜਲਾਲਾਬਾਦ, 4 ਜੂਨ (ਕਰਨ ਚੁਚਰਾ)-ਜਲਾਲਾਬਾਦ ਬਾਰ ਐਸੋਸੀਏਸ਼ਨ ਵਲੋਂ ਬਾਰ ਦੇ ਇਕ ਮੈਂਬਰ ਅਤੇ ਉਸ ਦੇ ਪਰਿਵਾਰ ਵਿਰੁੱਧ ਕੀਤੇ ਗਏ ਪਰਚੇ ਦੇ ਖ਼ਿਲਾਫ਼ ਸੰਘਰਸ਼ ਕਰਦੇ ਹੋਏ ਬਾਰ ਐਸੋਸੀਏਸ਼ਨ ਵਲੋਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ | ਇਸ ਤੋਂ ਪਹਿਲਾਂ ਇਕ ਮੀਟਿੰਗ ਬਾਰ ਦੇ ਪ੍ਰਧਾਨ ਅਸ਼ੋਕ ਕੰਬੋਜ ਦੀ ਅਗਵਾਈ ਹੇਠ ਹੋਈ ਸੀ, ਜਿਸ ਵਿਚ ਪੁਲਿਸ ਨੂੰ ਸਮਾਂ ਦਿੱਤਾ ਗਿਆ ਸੀ | ਜਾਣਕਾਰੀ ਦਿੰਦਿਆਂ ਪ੍ਰਧਾਨ ਅਸ਼ੋਕ ਕੰਬੋਜ ਨੇ ਦੱਸਿਆ ਕਿ ਬਾਰ ਦੇ ਸੀਨੀਅਰ ਵਕੀਲ ਧਰਮਿੰਦਰ ਸਿੰਘ ਜਿਸ ਦੇ ਕਰੀਬ ਸਵਾ ਸਾਲ ਪਹਿਲਾਂ ਗੋਲੀ ਵੱਜੀ ਸੀ, ਜਿਸ ਵਿਚ ਜਲਾਲਾਬਾਦ ਥਾਣਾ ਸਿਟੀ ਪੁਲਿਸ ਨੇ ਮੁਕੱਦਮਾ ਨੰਬਰ-36 ਧਾਰਾ 307 ਅਧੀਨ ਪਰਚਾ ਦਰਜ ਕੀਤਾ ਸੀ | ਇਸ ਗੱਲ ਨੂੰ ਇਕ ਸਾਲ 3 ਮਹੀਨੇ ਸਮਾਂ ਬੀਤਣ ਤੋਂ ਬਾਅਦ ਹੁਣ ਪੁਲਿਸ ਵਲੋਂ ਐਡਵੋਕੇਟ ਧਰਮਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਦੇ ਖ਼ਿਲਾਫ਼ ਬਿਨਾਂ ਕਿਸੇ ਸਬੂਤ ਦੇ ਇਕ ਰਪਟ ਪਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਪੁਲਿਸ ਦਾ ਤਾਨਾਸ਼ਾਹੀ ਵਾਲਾ ਵਰਤਾਰਾ ਜੱਗ ਜ਼ਾਹਿਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਬਾਰ ਇਹ ਸੰਘਰਸ਼ ਇਕੱਲਾ ਜਲਾਲਾਬਾਦ ਤੱਕ ਹੀ ਸੀਮਤ ਨਹੀਂ ਰੱਖੇਗੀ ਹੜਤਾਲ ਕਰਦਿਆਂ ਇਹ ਸੰਘਰਸ਼ ਜ਼ਿਲ੍ਹਾ ਅਤੇ ਸੂਬਾ ਪੱਧਰ ਤੱਕ ਲਿਜਾਇਆ ਜਾਵੇਗਾ | ਇਸ ਮੌਕੇ ਡੀ.ਅੱੈਸ.ਪੀ. ਅਤੇ ਐੱਸ.ਐੱਚ.ਓ ਸਿਟੀ ਵੀ ਮੌਕੇ 'ਤੇ ਪੁੱਜੇ, ਪਰ ਬਾਰ ਮੈਂਬਰਾਂ ਨਾਲ ਕੋਈ ਸਹਿਮਤੀ ਨਹੀ ਬਣ ਸਕੀ | ਬਾਰ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਾਡੇ ਵਕੀਲ ਨੂੰ ਇਨਸਾਫ਼ ਨਹੀ ਮਿਲਦਾ ਇਹ ਸੰਘਰਸ਼ ਜਾਰੀ ਰਹੇਗਾ |
ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਮੈਂਬਰ ਤੇ ਪਰਿਵਾਰ ਵਿਰੁੱਧ ਰਪਟ ਨੂੰ ਲੈ ਕੇ ਬਾਰ ਨੇ ਸ਼ੁਰੂ ਕੀਤਾ ਰੋਸ ਧਰਨਾ • ਕਿਹਾ, ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਜਾਰੀ ਰਹੇਗਾ ਸੰਘਰਸ਼
ਅਜੀਤ ਡੈਸਕ
05-06-2025