ਅਬੋਹਰ, 4 ਜੂਨ (ਤੇਜਿੰਦਰ ਸਿੰਘ ਖ਼ਾਲਸਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਹਰ ਸਾਲ ਲਗਾਏ ਜਾਂਦੇ ਗਿਆਨ ਅੰਜਨ ਸਮਰ ਕੈਂਪ ਇਸ ਵਾਰ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਵਿਖੇ 18ਵਾਂ ਕੈਂਪ ਲਗਾਇਆ ਜਾ ਰਿਹਾ ਹੈ | ਜਿਸ 'ਚ ਬੱਚੇ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਮਿੰਦਰ ਸਿੰਘ ਹੈਪੀ ਅਤੇ ਡਾ.ਮਨਦੀਪ ਸਿੰਘ ਨੇ ਦੱਸਿਆ ਕਿ ਹਾਲੇ ਤੱਕ 325 ਦੇ ਕਰੀਬ ਬੱਚਿਆਂ ਨੇ ਕੈਂਪ ਦੇ ਲਈ ਰਜਿਸਟਰੇਸ਼ਨ ਕਰਵਾਈ ਹੈ ਜੋ ਕਿ ਕੈਂਪ 15 ਜੂਨ ਤੱਕ ਸ਼ਾਮ 5 ਤੋਂ 7 ਵਜੇ ਤੱਕ ਚੱਲੇਗਾ | ਜਿਸ ਵਿਚ ਬੱਚਿਆਂ ਦੀ ਸਰਬਪੱਖੀ ਸ਼ਖ਼ਸੀਅਤ ਉਸਾਰੀ ਲਈ ਉੱਤਮ ਜੀਵਨ ਜਾਂਚ ਬਾਰੇ ਜਾਣਕਾਰੀ ਦੇਣ ਲਈ ਲੈਕਚਰ, ਸਲਾਈਡ ਸ਼ੋਅ, ਗਰੁੱਪ ਡਿਸਕਸ਼ਨ ਆਦਿ ਕੀਤੇ ਜਾਣਗੇ | ਇਸ ਤੋਂ ਇਲਾਵਾ ਬੱਚਿਆਂ ਦੇ ਹੁਨਰ ਨਿਖਾਰਨ ਲਈ ਸੁੰਦਰ ਲਿਖਾਈ ਸਿਖਾਈ, ਦਸਤਾਰ ਅਤੇ ਕੀਰਤਨ ਸਿਖਲਾਈ, ਮਿੱਟੀ ਦੇ ਖਿਡੌਣੇ ਬਣਾਉਣੇ, ਕੇਕ ਅਤੇ ਚਾਕਲੇਟ ਬਣਾਉਣੇ, ਕਾਰਡ ਬਣਾਉਣੇ ਆਦਿ ਵੀ ਸਿਖਾਏ ਜਾਣਗੇ | ਇਸ ਤੋਂ ਇਲਾਵਾ ਬੱਚਿਆਂ ਦੇ ਕਵਿਤਾ, ਸੁੰਦਰ ਲਿਖਾਈ, ਸਾਖੀ ਸੁਣਾਉਣ, ਪੇਂਟਿੰਗ, ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਆਖ਼ਰੀ ਦਿਨ ਗੁਰਮਤਿ ਸਮਾਗਮ ਕਰਵਾ ਕੇ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੱਚਿਆਂ ਨੂੰ ਨਾਟਕ, ਸਕਿੱਟ, ਕੋਰਿਓਗ੍ਰਾਫੀ ਅਤੇ ਮਾਈਮ ਦੀ ਤਿਆਰੀ ਵੀ ਕਰਵਾਈ ਜਾਵੇਗੀ | ਇਸ ਮੌਕੇ ਗਗਨਦੀਪ ਸਿੰਘ, ਜਸਬੀਰ ਸਿੰਘ ਮਨ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਜਸ਼ਨ ਸਿੰਘ, ਰਮਨਦੀਪ ਸਿੰਘ, ਨਵਜੋਤ ਸਿੰਘ ਆਦਿ ਪ੍ਰਬੰਧਕ ਹਾਜ਼ਰ ਸਨ |