ਜਲਾਲਾਬਾਦ, 1 ਸਤੰਬਰ (ਕਰਨ ਚੁਚਰਾ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਇੱਕ ਨੌਜਵਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਰਜੀਤ ਕੌਰ ਪਤਨੀ ਬਲਵੀਰ ਸਿੰਘ ਵਾਸੀ ਢਾਣੀ ਵਾਟਰ ਵਰਕਸ ਦਾਖਲੀ ਸ਼ੈਰ ਮੁਹੰਮਦ ਮਾਹੀਗੀਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 29 ਅਗਸਤ ਦੀ ਰਾਤ ਕਰੀਬ 8 ਵਜੇ ਉਸ ਦਾ ਲੜਕਾ ਜਗਮੀਤ ਸਿੰਘ ਬੁਖ਼ਾਰ ਹੋਣ ਕਾਰਨ ਆਪਣੇ ਦੋਸਤਾਂ ਨਾਲ ਦਵਾਈ ਲੈ ਕੇ ਘਰ ਆਇਆ ਸੀ | ਸੁੱਚਾ ਸਿੰਘ ਪੁੱਤਰ ਭਾਲਾ ਸਿੰਘ ਉਰਫ਼ ਬਹਾਲ ਸਿੰਘ, ਦਿਆਲ ਸਿੰਘ ਪੁੱਤਰ ਭਾਲਾ ਸਿੰਘ ਉਰਫ਼ ਬਹਾਲ ਸਿੰਘ, ਮੁਖ਼ਤਿਆਰ ਸਿੰਘ ਉਰਫ਼ ਸੁਖਦੇਵ ਸਿੰਘ ਪੁੱਤਰ ਭਾਲਾ ਸਿੰਘ ਉਰਫ਼ ਬਹਾਲ ਸਿੰਘ ਵਾਸੀਆਨ ਢਾਣੀ ਵਾਟਰ ਵਰਕਸ ਦਾਖਲੀ ਸ਼ੇਰ ਮੁਹੰਮਦ ਮਾਹੀਗੀਰ ਨੇ ਉਨ੍ਹਾਂ ਨਾਲ ਲੜਾਈ ਝਗੜਾ ਕਰਕੇ ਜਾਨੋਂ ਮਾਰਨ ਦੀਆ ਧਮਕੀਆਂ ਦਿੰਦੇ ਰਹੇ ਜਿਸ ਕਾਰਨ ਉਸ ਦੇ ਲੜਕੇ ਜਗਮੀਤ ਸਿੰਘ ਨੇ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰਕੇ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਪੁਲਿਸ ਨੇ ਤਿੰਨਾਂ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |