ਪਾਇਲ, 1 ਪਾਇਲ (ਨਿਜ਼ਾਮਪੁਰ, ਰਜਿੰਦਰ ਸਿੰਘ)-ਬੀਜਾ ਪਾਇਲ ਰਾੜਾ ਸਾਹਿਬ ਸੜਕ ਜੋ ਆਪ ਸਰਕਾਰ ਦੇ ਬਣਨ ਤੋਂ ਬਾਦ ਬਣਾਈ ਗਈ ਸੀ, ਉਸ ਦੀ ਮੁੜ ਕੇ ਸਾਰ ਨਾ ਲੈਣ ਕਰਕੇ ਡੂੰਘੇ ਟੋਏ ਪੈ ਚੁੱਕੇ ਹਨ ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਉਸ ਦੀ ਹਾਲਤ ਬਦ ਤੋ ਬਦਤਰ ਬਣੀ ਹੋਈ ਹੈ | ਦੋ ਪਹੀਆਂ ਵਾਹਨਾਂ ਨੂੰ ਨਿਕਲਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ | ਬੀਤੇ ਦਿਨੀਂ ਗੁਰਦੁਆਰਾ ਰਾੜਾ ਸਾਹਿਬ ਵਿਖੇ ਬਾਬਾ ਈਸ਼ਰ ਸਿੰਘ ਦੀ ਬਰਸੀ ਤੇ ਹਜ਼ਾਰਾਂ ਦੀ ਗਿਣਤੀ ਵਿਚ ਨਤਮਸਤਕ ਹੋਣ ਲਈ ਲੰਘੀਆਂ, ਉਸ ਸਮੇਂ ਦੌਰਾਨ ਰਾਹਗੀਰ ਨੂੰ ਬਹੁਤ ਦਿੱਕਤ ਆਈ | ਦੁਕਾਨਦਾਰਾਂ ਨੇ ਅਣਜਾਣੇ ਰਾਹਗੀਰਾਂ ਨੂੰ ਡੂੰਘੇ ਟੋਇਆਂ ਦੇ ਆਲੇ ਦੁਆਲੇ ਟਰੈਕਟਰਾਂ ਦੇ ਟਾਇਰ ਰੱਖ ਦਿੱਤੇ ਹਨ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ | ਮਿਲੀ ਜਾਣਕਾਰੀ ਅਨੁਸਾਰ ਪੀ. ਡਬਲਿਊ ਵਿਭਾਗ ਵੱਲੋਂ ਠੇਕੇਦਾਰ ਨੂੰ ਸੜਕ ਵਿਚੇ ਟੋਏ ਭਰਨ ਲਈ ਕਿਹਾ ਗਿਆ ਸੀ ਪ੍ਰੰਤੂ ਉਸ ਵੱਲੋਂ ਇਕ ਦੋ ਟੋਏ ਭਰਨ ਉਪਰੰਤ ਬੰਦ ਕਰ ਦਿੱਤਾ ਗਿਆ, ਜਿਸ ਦਾ ਸੰਤਾਪ ਹੁਣ ਰਾਹਗੀਰ ਭੁਗਤ ਰਹੇ ਹਨ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਵੱਲੋ ਪੈਚ ਵਰਕ ਦਾ ਕੰਮ ਪੂਰਾ ਕੀਤੇ ਬਗੈਰ ਠੇਕੇਦਾਰ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ | ਇਲਾਕੇ ਦੇ ਮੁਹਤਬਰ ਵਿਅਕਤੀਆਂ ਵੱਲੋਂ ਇਹ ਮਾਮਲਾ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੀ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ | ਲੋਕਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਪਾਇਲ ਸ਼ਹਿਰ ਵਿਚ ਟੋਏ ਭਰੇ ਜਾਣ |