ਖੇਤੀਬਾੜੀ ਮੰਤਰੀ ਵਲੋਂ ਲਗਾਤਾਰ ਤੀਜੇ ਦਿਨ ਫ਼ਾਜ਼ਿਲਕਾ ਜ਼ਿਲੇ੍ਹ ਦਾ ਦੌਰਾ
ਅਜੀਤ ਡੈਸਕ
02-09-2025
ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਵਲੋਂ ਬੰਨ੍ਹ ਦੀ ਸੁਰੱਖਿਆ ਦਾ ਜਾਇਜ਼ਾ
ਫ਼ਾਜ਼ਿਲਕਾ, (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਤੇ ਐੱਸ.ਐੱਸ.ਪੀ. ਗੁਰਮੀਤ ਸਿੰਘ ਨੇ ਅੱਜ ਕਾਂਵਾਂਵਾਲੀ ਬੰਨ੍ਹ ਦਾ ਦੌਰਾ ਕਰਕੇ ਬੰਨ੍ਹ ਦੀ ਸੁਰੱਖਿਆ ਦਾ ਜਾਇਜ਼ਾ ਲਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤਲੁਜ ਕ੍ਰੀਕ ਦੇ ਪ੍ਰੋਟੈਕਸ਼ਨ ਬੰਨ੍ਹ 'ਤੇ ਪਾਣੀ ਦਾ ਬਹੁਤ ਦਬਾਓ ਹੈ ਅਤੇ ਇਸ ਬੰਨ੍ਹ ਨੂੰ ਲਗਾਤਾਰ ਮਜ਼ਬੂਤ ਕਰਦੇ ਰਹਿਣ ਲਈ ਵਿਭਾਗ ਨੂੰ ਇੱਥੇ ਨਾਲੋਂ ਨਾਲ ਨਵੀਂ ਮਿੱਟੀ ਪਹੁੰਚਾਉਣੀ ਪੈ ਰਹੀ ਹੈ | ਇਸ ਤੋਂ ਪਹਿਲਾਂ ਉਨ੍ਹਾਂ ਨੇ ਮੌਜ਼ਮ ਦੇ ਰਾਹਤ ਕੈਂਪ ਦਾ ਵੀ ਦੌਰਾ ਕੀਤਾ ਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ | ਇਸ ਤੋਂ ਪਹਿਲਾਂ ਬੀਤੀ ਰਾਤ ਡਿਪਟੀ ਕਮਿਸ਼ਨਰ ਨੇ ਪਿੰਡ ਰਾਣਾ ਤੇ ਬਹਿਕ ਬੋਦਲਾ ਦੇ ਰਾਹਤ ਕੈਂਪਾਂ ਦਾ ਦੌਰਾ ਕੀਤਾ | ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ ਤੇ ਜੀ. ਏ. ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਨਾਲ ਹਾਜ਼ਰ ਸਨ | ਉਨ੍ਹਾਂ ਨੇ ਕੈਂਪਾਂ ਵਿਚ ਬੱਚਿਆਂ ਨੂੰ ਵਿਸ਼ੇਸ਼ ਕਿੱਟਾਂ ਵੀ ਵੰਡੀਆਂ |
ਵਿਧਾਇਕ ਸਵਨਾ ਨੇ ਰਾਹਤ ਕੇਂਦਰ ਦਾ ਕੀਤਾ ਦੌਰਾ
ਫ਼ਾਜ਼ਿਲਕਾ, (ਦਵਿੰਦਰਪਾਲ ਸਿੰਘ)- ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਠਹਿਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬਣੇ ਰਾਹਤ ਕੇਂਦਰ ਨਵਾਂ ਹਸਤਾ ਕਲਾ ਦਾ ਦੌਰਾ ਕਰਕੇ ਮੌਕੇ 'ਤੇ ਲੋਕਾਂ ਨੂੰ ਮਿਲੀ ਰਾਹਤ ਸਮਗਰੀ ਦਾ ਨਿਰੀਖਣ ਕੀਤਾ | ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਜਿੱਥੇ ਰਾਹਤ ਕੇਂਦਰ ਵਿਚ ਬੈਠੇ ਲੋਕਾਂ ਦਾ ਹਾਲ ਚਾਲ ਪੁੱਛਿਆ ਉੱਥੇ ਹੀ ਇਹਨਾਂ ਲੋਕਾਂ ਨੂੰ ਰਾਸ਼ਨ ਤੇ ਪਸ਼ੂਆਂ ਲਈ ਫੀਡ ਤੇ ਹੋਰ ਰਾਹਤ ਸਮਗਰੀ ਦੀ ਵੰਡ ਕੀਤੀ | ਵਿਧਾਇਕ ਨੇ ਇਸ ਮੌਕੇ ਇਹਨਾਂ ਹਾੜ ਪ੍ਰਭਾਵਿਤ ਲੋਕਾਂ ਨੂੰ ਕਿਹਾ ਕਿ ਜੇਕਰ ਹੋਰ ਵੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਹਰ ਤਰ੍ਹਾਂ ਦੀ ਮਦਦ ਉਹ ਉਨ੍ਹਾਂ ਨੂੰ ਮੁਹੱਈਆ ਕਰਵਾਉਣਗੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਵਿਚ ਲੱਗੀ ਹੋਈ ਹੈ ਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਇਸ ਮੁਸ਼ਕਿਲ ਦੀ ਘੜੀ ਵਿਚ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀਆਂ ਹਨ |
ਹੜ੍ਹ ਪੀੜਤਾਂ ਦੀ ਮਦਦ ਲਈ ਪਿੰਡ ਧਰਾਂਗ ਵਾਲਾ ਦੇ ਨੌਜਵਾਨ ਆਏ ਅੱਗੇ
ਅਬੋਹਰ, 1 ਸਤੰਬਰ (ਸੁਖਜੀਤ ਸਿੰਘ ਬਰਾੜ)- ਉੱਪਰਲੇ ਹਿੱਸਿਆਂ ਵਿਚ ਹੋਈ ਭਾਰੀ ਬਾਰਸ਼ ਕਾਰਨ ਫ਼ਾਜ਼ਿਲਕਾ ਜ਼ਿਲੇ੍ਹ ਦੇ ਕਈ ਖੇਤਰਾਂ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ | ਇਸ ਕੁਦਰਤੀ ਆਫ਼ਤ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅਨੇਕਾਂ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਨੁੱਖਾਂ ਦੇ ਨਾਲ-ਨਾਲ ਮਵੇਸ਼ੀਆਂ ਨੂੰ ਵੀ ਚਾਰੇ ਤੇ ਪਾਣੀ ਦੀ ਵੱਡੀ ਕਮੀ ਆ ਗਈ ਹੈ | ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਹਨ | ਇਸੇ ਤਰ੍ਹਾਂ ਪਿੰਡ ਧਰਾਂਗ ਵਾਲਾ ਦੇ ਨੌਜਵਾਨਾਂ ਨੇ ਹੌਸਲਾ ਦਿਖਾਉਂਦੇ ਹੋਏ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਕੇ ਇੱਕ ਟਰਾਲੀ ਹਰਾ ਚਾਰਾ ਇਕੱਠਾ ਕਰਕੇ ਪੀੜਤ ਪਰਿਵਾਰਾਂ ਅਤੇ ਉਨ੍ਹਾਂ ਦੇ ਪਸ਼ੂਆਂ ਤੱਕ ਪਹੁੰਚਾਇਆ | ਇਹ ਯਤਨ ਨਾ ਸਿਰਫ਼ ਮਵੇਸ਼ੀਆਂ ਦੀ ਜ਼ਰੂਰੀ ਲੋੜ ਪੂਰੀ ਕਰਨ ਲਈ ਸੀ, ਸਗੋਂ ਇਸ ਨੇ ਹੜ੍ਹ ਪੀੜਤ ਲੋਕਾਂ ਵਿਚ ਹੌਸਲੇ ਅਤੇ ਭਰੋਸੇ ਦੀ ਨਵੀਂ ਕਿਰਨ ਵੀ ਜਗਾਈ | ਖ਼ਾਸ ਗੱਲ ਇਹ ਹੈ ਕਿ ਧਰਾਂਗ ਵਾਲਾ ਪਿੰਡ ਦੇ ਇਹ ਨੌਜਵਾਨ ਸਿਰਫ਼ ਹੜ੍ਹ ਪੀੜਤਾਂ ਦੀ ਹੀ ਸਹਾਇਤਾ ਨਹੀਂ ਕਰਦੇ, ਸਗੋਂ ਪਿੰਡ ਅੰਦਰ ਗੌ-ਸੇਵਾ ਵਿਚ ਵੀ ਹਮੇਸ਼ਾ ਅੱਗੇ ਰਹਿੰਦੇ ਹਨ | ਨੌਜਵਾਨਾਂ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਜੇ ਅਗਲੇ ਦਿਨਾਂ ਵਿਚ ਹੋਰ ਕਿਸੇ ਵੀ ਥਾਂ 'ਤੇ ਉਨ੍ਹਾਂ ਦੀ ਲੋੜ ਪਈ ਤਾਂ ਉਹ ਸਰਕਾਰ ਤੇ ਪ੍ਰਸ਼ਾਸਨ ਨਾਲ ਮਿਲ ਕੇ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਰਹਿਣਗੇ |
ਪੰਜਾਬ ਸਰਕਾਰ ਹੜ੍ਹ ਪੀੜਤਾਂ ਨੂੰ ਮੁਹੱਈਆ ਕਰਵਾ ਰਹੀ ਹਰ ਤਰ੍ਹਾਂ ਨਾਲ ਮਦਦ - ਜਗਦੀਪ ਕੰਬੋਜ ਗੋਲਡੀ
ਜਲਾਲਾਬਾਦ, (ਹਰਪ੍ਰੀਤ ਸਿੰਘ ਪਰੂਥੀ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਲਗਾਤਾਰ ਨਿਗਰਾਨੀ ਰੱਖ ਰਹੀ ਹੈ ਤੇ ਹੜ੍ਹ ਪੀੜਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹਰਾ ਚਾਰਾ ਅਤੇ ਹੋਰ ਲੋੜੀਂਦਾ ਸਾਮਾਨ ਭੇਜਣ ਮੌਕੇ ਕੀਤਾ | ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਹੜ੍ਹ ਦੀ ਲਪੇਟ ਵਿਚ ਆਏ ਪਿੰਡ ਅਤੂ ਵਾਲਾ, ਢਾਣੀ ਨੱਥਾ ਸਿੰਘ ਤੇ ਢਾਣੀ ਬਚਨ ਸਿੰਘ ਵਿਖੇ 6 ਟਰਾਲੀਆਂ ਪਸ਼ੂਆਂ ਲਈ ਹਰਾ ਚਾਰਾ ਭਿਜਵਾਇਆ | ਉਨ੍ਹਾਂ ਆਖਿਆ ਕਿ ਲੋਕਾਂ ਦੇ ਨਾਲ-ਨਾਲ ਪਸ਼ੂਆਂ ਦੀ ਖ਼ੁਰਾਕ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ ਤੇ ਲੋਕਾਂ ਨੂੰ ਰਾਸ਼ਨ ਕਿੱਟਾਂ, ਰਾਹਤ ਸਮਗਰੀ, ਸਿਹਤ ਸਹੂਲਤਾਂ, ਪਸ਼ੂਆਂ ਲਈ ਫੀਡ ਆਦਿ ਮੰਗ ਅਨੁਸਾਰ ਨਾਲੋ-ਨਾਲ ਵੰਡੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਖ਼ੁਦ ਤੇ ਉਨ੍ਹਾਂ ਦੀਆਂ ਟੀਮ ਲੋਕਾਂ ਨਾਲ ਮਿਲ ਇਸ ਔਖੇ ਸਮੇਂ ਵਿਚ ਰਲ-ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਇਸ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਸਕੀਏ | ਉਨ੍ਹਾਂ ਕਿਹਾ ਕਿ ਮੈਡੀਕਲ ਵਿਭਾਗ ਤੇ ਪਸ਼ੂ ਪਾਲਨ ਵਿਭਾਗ ਦੀਆਂ ਟੀਮਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਵੀ ਹੜ੍ਹਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੇ ਪਿੰਡ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਣ |