ਅਬੋਹਰ, 2 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲ਼ੋਂ ਬੱਲੂਆਣਾ ਹਲਕੇ ਨਾਲ ਸੰਬੰਧਿਤ ਮੀਂਹ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਸਮਗਰੀ ਵੰਡੀ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬੱਲੂਆਣਾ ਹਲਕਾ ਇੰਚਾਰਜ ਗੁਰਤੇਜ ਸਿੰਘ ਘੁੜਿਆਣਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕੌਰ ਸਿੰਘ ਬਹਾਵਵਾਲਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੀਂਹ ਪ੍ਰਭਾਵਿਤ ਪਿੰਡਾਂ ਵਿਚ ਰਾਸ਼ਨ ਵੰਡਿਆ ਜਾ ਰਿਹਾ ਹੈ | ਜਿਸ ਤਹਿਤ ਅੱਜ ਬੱਲੂਆਣਾ ਹਲਕੇ ਦੇ ਪਿੰਡ ਸੈਯਦਾਂਵਾਲੀ, ਢਾਣੀ ਮਾਂਡਲਾ, ਢਾਣੀ ਨਾਈਆਂ ਵਾਲੀ, ਰੁਕਣਪੁਰਾ ਖੂਈ ਖੇੜਾ ਅਤੇ ਪਿੰਡ ਢੀਂਗਾਂਵਾਲੀ ਵਿਖੇ 800 ਗੱਟਾ ਦਾਲ ਅਤੇ ਆਟੇ ਦਾ ਵੰਡਿਆ ਗਿਆ ਹੈ | ਇਸ ਦੌਰਾਨ ਪਿੰਡ ਵਾਸੀਆਂ ਵਲ਼ੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਸਾਬਕਾ ਵਿਧਾਇਕ ਘੁੜਿਆਣਾ ਨੇ ਦੱਸਿਆ ਕਿ ਅਕਾਲੀ ਦਲ ਵਲੋਂ ਭਲਕੇ ਉਕਤ ਪਿੰਡਾਂ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਫ਼ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ | ਇਸ ਮੌਕੇ ਮਾਰਕੀਟ ਕਮੇਟੀ ਅਬੋਹਰ ਦੇ ਸਾਬਕਾ ਵਾਈਸ ਚੇਅਰਮੈਨ ਰਾਜਿੰਦਰ ਸਿੰਘ ਬਰਾੜ ਚੰਨਣ ਖੇੜਾ, ਹਰੀਸ਼ ਨੰਬਰਦਾਰ ਬੱਲੂਆਣਾ, ਗੁਰਮੀਤ ਸਿੰਘ ਬਿੱਟੂ ਬੱਲੂਆਣਾ, ਪਵਨ ਕੁਮਾਰ ਸੈਂਯਦਾਂ ਵਾਲੀ, ਲੱਛੀ ਰਾਮ ਨਹਿਰਾ, ਸਤਪਾਲ, ਸਾਹਿਬ ਰਾਮ ਢਾਣੀ ਮਾਂਡਲਾ ਆਦਿ ਪਿੰਡ ਵਾਸੀ ਹਾਜ਼ਰ ਸਨ |