ਅਬੋਹਰ, 5 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਦੇ ਕਈ ਜ਼ਿਲੇ੍ਹ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹਨ, ਜਿਨ੍ਹਾਂ ਦੀ ਮਦਦ ਲਈ ਹੋਰ ਆਸਰੇ ਛੱਡ ਕੇ ਖ਼ੁਦ ਪੰਜਾਬ ਵਾਸੀ ਹੀ ਡਟ ਚੁੱਕੇ ਹਨ | ਜਿਸ ਤਹਿਤ ਅਬੋਹਰ ਇਲਾਕੇ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵੀ ਫ਼ਾਜ਼ਿਲਕਾ ਦੇ ਬਾਰਡਰ ਇਲਾਕੇ ਨਾਲ ਸੰਬੰਧਿਤ ਦਰਜਨਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮਦਦ ਲਈ ਦਿਨ ਰਾਤ ਪਹੁੰਚ ਰਹੀਆਂ ਹਨ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਉਹ ਪ੍ਰਸ਼ਾਸਨ ਦੀ ਮਦਦ ਨਾਲ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜਾ ਰਹੇ ਹਨ ਤੇ ਆਪਣੇ ਵਲੋਂ ਪਿੰਡ ਵਾਸੀਆਂ ਨੂੰ ਰਾਸ਼ਨ ਦੇ ਨਾਲ ਹੋਰ ਜ਼ਰੂਰੀ ਵਸਤੂਆਂ ਪੁੱਜਦੀਆਂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਾਰੇ ਮੁਲਕ ਦੀ ਮੁਸੀਬਤ ਨੂੰ ਆਪਣਾ ਮੰਨ ਲੈਂਦੇ ਹਨ ਪਰ ਹੜ੍ਹਾਂ ਦੀ ਮੁਸੀਬਤ ਹੁਣ ਖ਼ੁਦ ਪੰਜਾਬ 'ਤੇ ਆਈ ਹੈ ਤੇ ਹੁਣ ਪੰਜਾਬ ਵਾਸੀ ਕਿਵੇਂ ਪਿੱਛੇ ਰਹਿ ਸਕਦੇ ਸਨ ਜਿਸ ਕਾਰਨ ਪੰਜਾਬ ਦੇ ਵਾਸੀ ਹੀ ਦਿਲ ਖ਼ੋਲ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਤੇ ਦਿਨ-ਰਾਤ ਸੇਵਾ ਵਿਚ ਲੱਗੇ ਹੋਏ ਹਨ | ਉਹ ਪੰਜਾਬ ਵਾਸੀਆਂ ਦੀ ਸੇਵਾ ਨੂੰ ਦਿਲੋਂ ਸਲਾਮ ਕਰਦੇ ਹਨ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਸੁਖਜਿੰਦਰ ਸਿੰਘ ਰਾਜਨ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਤੇ ਜਥੇਬੰਦੀਆਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਾਇਆ ਯੋਗਦਾਨ ਬੇਮਿਸਾਲ ਹੈ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬੇੜੀਆਂ ਦੀ ਬਹੁਤ ਵੱਡੀ ਘਾਟ ਹੈ ਕਿਉਂ ਕਿ ਸੜਕਾਂ ਡੁੱਬਣ ਕਾਰਨ ਪਿੰਡਾਂ ਦਾ ਸੰਪਰਕ ਟੁੱਟ ਚੁੱਕਾ ਹੈ | ਇਸ ਲਈ ਹਰੇਕ ਚੀਜ਼ ਬੇੜੀ ਰਾਹੀ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪੁੱਜਦੀ ਹੈ ਤੇ ਜ਼ਿਆਦਾ ਭਾਰ ਬੇੜੀ ਸਹਿ ਨਹੀਂ ਸਕਦੀ | ਇਸ ਲਈ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਪਾਣੀ ਦਾ ਪੱਧਰ ਘੱਟ ਹੋਣ ਦਿਓ ਅਤੇ ਆਪਣੇ ਹੱਥੀਂ ਜਾ ਕੇ ਹੜ੍ਹ ਪੀੜਤਾਂ ਤੱਕ ਲੋੜ ਅਨੁਸਾਰ ਮਦਦ ਜ਼ਰੂਰ ਕਰੋ | ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਹਲਕਾ ਇੰਚਾਰਜ ਇੰਦਰਜੀਤ ਬੁਲੰਦੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਈ ਨੁਮਾਇੰਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰਾਸ਼ਨ ਵੰਡਣ ਦੌਰਾਨ ਭੇਦਭਾਵ ਕਰ ਰਹੇ ਹਨ ਜਦਕਿ ਕਿਸ਼ਤੀਆਂ ਵੀ ਸਿਆਸੀ ਸਿਫ਼ਾਰਸ਼ ਨਾਲ ਹੀ ਪਿੰਡ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹਾਲੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਾਣੀ ਦਾ ਪੱਧਰ ਬਹੁਤ ਉੱਚਾ ਹੈ ਤੇ ਪੀੜਤ ਪਰਿਵਾਰਾਂ ਤੱਕ ਰਾਸ਼ਨ ਕੁੱਝ ਪਿੰਡਾਂ ਦੇ ਲੋਕ ਹੀ ਲੈ ਕੇ ਜਾ ਰਹੇ ਹਨ ਜਦ ਕਿ ਪ੍ਰਭਾਵਿਤ ਪਿੰਡਾਂ ਤੱਕ ਰਾਸ਼ਨ ਪੁੱਜਣਾ ਹਾਲੇ ਯਕੀਨੀ ਨਹੀਂ ਮੰਨਿਆ ਜਾ ਸਕਦਾ | ਇਲਾਕੇ ਦੇ ਸਮਾਜ ਸੇਵੀ ਕਰਨਲ ਐੱਸ.ਪੀ.ਆਰ ਗਾਬਾ ਨੇ ਕਿਹਾ ਕਿ ਉਹ ਸਹਾਰਾ ਫਲੱਡ ਮਿਸ਼ਨ ਤਹਿਤ ਹਲਕੇ ਦੇ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਲਗਾਤਾਰ ਹੜ੍ਹ ਪੀੜਤਾਂ ਦੇ ਲਈ ਸਹਿਯੋਗ ਰਾਸ਼ੀ ਇਕੱਠੀ ਕਰ ਰਹੇ ਹਨ ਤੇ ਉਨ੍ਹਾਂ ਦੀ ਟੀਮ ਹੜ੍ਹ ਪ੍ਰਭਾਵਿਤ ਇਲਾਕੇ ਦਾ ਸਰਵੇ ਵੀ ਕਰ ਰਹੀ ਹੈ | ਉਹ ਜਲਦੀ ਹੀ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਟੀਮ ਸਣੇ ਜਾ ਕੇ ਲੋੜ ਅਨੁਸਾਰ ਮਦਦ ਕਰਨਗੇ | ਇਲਾਕੇ ਦੇ ਸਮਾਜ ਸੇਵੀ ਗੁਰਵਿੰਦਰ ਸਿੰਘ ਵਿਪਨ ਨੇ ਕਿਹਾ ਕਿ ਉਹ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਰਫ਼ਤ ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਜਾ ਕੇ ਰਾਸ਼ਨ ਮੁਹੱਈਆ ਕਰਵਾ ਰਹੇ ਹਨ | ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਰਾਹਤ ਕੈਂਪਾਂ ਵਿਚ ਦਿਨ-ਰਾਤ ਦੇ ਲੰਗਰ ਦੀ ਸੇਵਾ ਵੀ ਲਗਾਈ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਵਿਚ ਘਿਰੇ ਹੋਏ ਪਰਿਵਾਰਾਂ ਦੇ ਵੀ ਅਜਿਹੇ ਸਮੇਂ ਹੌਸਲੇ ਬੁਲੰਦ ਹਨ ਜੋ ਕਿ ਰਾਸ਼ਨ ਦੇਣ ਗਏ ਸੇਵਾਦਾਰਾਂ ਨੂੰ ਵੀ ਬਿਨਾਂ ਚਾਹ ਪਿਆਏ ਵਾਪਸ ਨਹੀਂ ਆਉਣ ਦਿੰਦੇ |