ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨਾਲੋਂ ਨਿਕਲਦੇ ਸਤਲੁਜ ਦਰਿਆ ਦੇ ਕੰਢੇ 'ਤੇ ਵਸੇ ਪਿੰਡਾਂ ਵਿਚ ਅੱਜ ਵੀ ਹੜ੍ਹਾਂ ਕਾਰਨ ਹਾਲਾਤ ਖ਼ਰਾਬ ਦਿਖਾਈ ਦੇ ਰਹੇ ਹਨ | ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਨੂੰ ਆ ਗਿਆ ਹੈ ਪਰ ਫ਼ਾਜ਼ਿਲਕਾ ਦੇ ਕੁੱਝ ਪਿੰਡ ਹਾਲੇ ਵੀ ਹੜ੍ਹਾਂ ਦੀ ਮਾਰ ਹੇਠ ਹਨ | ਹਾਲਾਤ ਇਹ ਹਨ ਕਿ ਸੜਕਾਂ ਅਤੇ ਖੇਤ ਪਾਣੀ ਵਿਚ ਡੁੱਬੇ ਦਿਖਾਈ ਦੇ ਰਹੇ ਹਨ ਅਤੇ ਘਰ ਪਾਣੀ ਦੇ ਘੇਰੇ ਵਿਚ ਹਨ | ਨਾਜ਼ੁਕ ਹਾਲਾਤ ਦੇ ਅੰਦਰ ਲੋਕ ਜ਼ਿੰਦਗੀ ਜੀਅ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਤੇਜਾ ਰੁਹੇਲਾ ਦਾ ਕਈ ਰਕਬਾ ਪਾਣੀ ਦੀ ਮਾਰ ਹੇਠ ਹੈ | ਪਾਕਿਸਤਾਨ ਵਾਲੇ ਪਾਸਿਓਾ ਪਾਣੀ ਭਾਰਤ ਵਿਚ ਦਾਖ਼ਲ ਹੋ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਭਾਰਤ ਤੋਂ ਪਾਣੀ ਪਾਕਿਸਤਾਨ ਵੱਲ ਜਾਂਦਾ ਤੇ ਘੁੰਮ ਕੇ ਪਾਣੀ ਭਾਰਤ ਵਿਚ ਦਾਖ਼ਲ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਾਣੀ ਲਗਾਤਾਰ ਉਨ੍ਹਾਂ ਦੇ ਪਿੰਡ ਵਿਚ ਦਾਖ਼ਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਆਲ਼ੇ ਦੁਆਲੇ ਦੇ ਕਈ ਪਿੰਡਾਂ ਵਿਚ ਪਾਣੀ ਉਤਰ ਗਿਆ ਹੈ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਹੈ | ਪਾਣੀ ਨੇ ਉਨ੍ਹਾਂ ਦੇ ਪਿੰਡਾਂ ਵਿਚ ਪੂਰੀ ਤਰ੍ਹਾਂ ਤਬਾਹੀ ਮਚਾਈ ਹੈ | ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ, ਘਰ ਢਹਿ ਢੇਰੀ ਹੋ ਗਏ ਅਤੇ ਸੜਕਾਂ ਟੁੱਟ ਗਈਆਂ ਹਨ | ਉਨ੍ਹਾਂ ਕਿਹਾ ਕਿ ਜਿੱਥੇ ਹੁਣ ਉਨ੍ਹਾਂ ਦੀ ਝੋਨੇ ਦੀ ਫ਼ਸਲ, ਪਸ਼ੂਆਂ ਦਾ ਹਰਾ ਚਾਰਾ, ਸਬਜ਼ੀਆਂ ਆਦਿ ਖ਼ਰਾਬ ਹੋਈਆਂ ਉੱਥੇ ਹੀ ਹੁਣ ਉਨ੍ਹਾਂ ਨੂੰ ਕਣਕ ਦੀ ਬਿਜਾਈ ਦੀ ਵੀ ਕੋਈ ਉਮੀਦ ਨਹੀਂ ਹੈ | ਉਨ੍ਹਾਂ ਕਿਹਾ ਕਿ ਅੱਜ ਪਿੰਡ ਦੇ ਹਾਲਾਤ ਇਹ ਹਨ ਕਿ ਘਰਾਂ ਦੇ ਬਾਹਰ ਪਾਣੀ ਭਰਿਆ ਹੋਇਆ ਹੈ | ਕਈ ਮਕਾਨ ਡਿਗ ਗਏ ਤੇ ਕਈ ਮਕਾਨਾਂ ਵਿਚ ਤਰੇੜਾਂ ਆ ਗਈਆਂ ਹਨ | ਕਦੇ ਵੀ ਉਹ ਮਕਾਨ ਵੀ ਡਿਗ ਸਕਦੇ ਹਨ ਜਿਸ ਕਾਰਨ ਖੁੱਲ੍ਹੇ ਆਸਮਾਨ ਹੇਠ ਕਈ ਲੋਕ ਘਰਾਂ ਦੇ ਵਿਹੜੇ ਵਿਚ ਸਾਮਾਨ ਰੱਖ ਕੇ ਜ਼ਿੰਦਗੀ ਕੱਟ ਰਹੇ ਹਨ | ਇਨ੍ਹਾਂ ਹਾਲਾਤ ਵਿਚ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਰਾਹਤ ਸਮਗਰੀ ਲੈ ਕੇ ਪਿੰਡਾਂ ਵਿਚ ਪਹੁੰਚ ਰਹੇ ਹਨ | ਵਿਧਾਇਕ ਸਵਨਾ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਹਾਲਾਤ ਨਹੀਂ ਸੁਧਰਦੇ ਉਦੋਂ ਤੱਕ ਉਹ ਲੋਕਾਂ ਦੀ ਮਦਦ ਲਈ ਪਿੰਡਾਂ ਵਿਚ ਰਹਿਣਗੇ | ਜਦੋਂ ਉਨ੍ਹਾਂ ਨੂੰ ਪਿੰਡ ਤੇਜਾ ਰੁਹੇਲਾ 'ਚ ਪਾਣੀ ਦਾ ਪੱਧਰ ਨਾ ਘਟਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਾ ਬੁੱਢੇ ਦਰਿਆ ਦਾ ਪਾਣੀ ਇਸ ਇਲਾਕੇ ਵਿਚ ਆ ਰਿਹਾ ਹੈ | ਜਿੰਨੀ ਦੇਰ ਤੱਕ ਉਹ ਦਰਿਆ ਦਾ ਪੱਧਰ ਨਹੀਂ ਘਟਦਾ ਉਂਨੀ ਦੇਰ ਤੱਕ ਪਾਣੀ ਇਸ ਇਲਾਕੇ ਰਹੇਗਾ | ਜਦੋਂ ਉਨ੍ਹਾਂ ਨੂੰ ਖੇਤਾਂ ਵਿਚ ਰੇਤ ਚੁੱਕਣ ਸੰਬੰਧੀ ਕਿਸਾਨਾਂ ਦੀ ਸਮੇਂ ਸੀਮਾ ਵਧਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਹੈ ਅਤੇ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਖੇਤਾਂ ਵਿਚ ਰੇਤ ਨਹੀਂ ਚੁੱਕਿਆ ਜਾਂਦਾ ਉਦੋਂ ਤੱਕ ਸਰਕਾਰ ਉਪਰਾਲੇ ਕਰਦੀ ਰਹੇਗੀ |