ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)- ਅੱਜ ਸਫ਼ਾਈ ਸੇਵਕ ਯੂਨੀਅਨ ਐਕਸ਼ਨ ਕਮੇਟੀ ਵਲੋਂ ਜਗਰਾਓਾ ਵਿਚ ਇੱਕ ਮੀਟਿੰਗ ਰੱਖੀ ਗਈ ਜਿਸ ਵਿਚ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਪੰਜਾਬ ਮੀਤ ਪ੍ਰਧਾਨ ਫ਼ਤਿਹ ਬੋਹਤ ਦੀ ਅਗਵਾਈ ਹੇਠ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਅਬੋਹਰ, ਜਲਾਲਾਬਾਦ ਤੇ ਅਰਨੀਵਾਲਾ ਤੋਂ ਨੁਮਾਇੰਦਿਆਂ ਨੇ ਹਿੱਸਾ ਲਿਆ | ਫ਼ਾਜ਼ਿਲਕਾ ਨਗਰ ਕੌਂਸਲ ਕਾਂਟਰੈਕਟ ਦੇ ਪ੍ਰਧਾਨ ਲਵਲੀ ਵਾਲਮੀਕੀ ਨੇ ਦੱਸਿਆ ਕਿ ਨਗਰ ਨਿਗਮ ਤੇ ਨਗਰ ਕੌਂਸਲਾਂ ਵਿਚ ਪਿਛਲੇ 25-25 ਸਾਲਾਂ ਤੋਂ ਕੰਮ ਕਰ ਰਹੇ ਸਫ਼ਾਈ ਸੇਵਕਾਂ ਦੀ ਪੱਕੀ ਭਰਤੀ ਦੇ ਮਾਮਲੇ 'ਚ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ | ਨਾ ਹੀ ਰਿਟਾਇਰਡ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ | ਨਾ ਹੀ ਕੱਚੇ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਵਾਧਾ ਹੋਇਆ, ਨਾ ਉਨ੍ਹਾਂ ਨੂੰ ਮੈਡੀਕਲ, ਨਾ ਬੱਚਿਆਂ ਦੀ ਉੱਚ ਸਿੱਖਿਆ ਦਾ ਲਾਭ, ਨਾ ਬੀਮਾ | ਅਜਿਹੀਆਂ ਹੀ ਲਗਭਗ 35-36 ਮੰਗਾਂ ਹਨ ਜਿਨ੍ਹਾਂ ਨੂੰ ਸਰਕਾਰ ਪੂਰਾ ਕਰਨ ਵਿਚ ਨਾਕਾਮ ਰਹੀ ਹੈ | ਸਰਕਾਰ ਦੀ ਕਰਮਚਾਰੀ ਵਿਰੋਧੀ ਨੀਤੀਆਂ ਨੂੰ ਵੇਖਦੇ ਹੋਏ ਅੱਜ ਸਫ਼ਾਈ ਸੇਵਕ ਐਕਸ਼ਨ ਕਮੇਟੀ ਵੱਲੋਂ ਦੋ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ | ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਭਰ ਦੇ ਸਫ਼ਾਈ ਸੇਵਕ, ਸੀਵਰੇਜ ਕਰਮਚਾਰੀ ਤੇ ਨਗਰ ਕੌਂਸਲਾਂ ਦੇ ਸਾਰੇ ਕਰਮਚਾਰੀ ਅਣਮਿਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕਰਨਗੇ |