ਅਬੋਹਰ 26 ਸਤੰਬਰ (ਵਿਵੇਕ ਹੂੜੀਆ) - ਜ਼ਿਲ੍ਹਾ ਸਿਵਲ ਸਰਜਨ ਡਾ. ਰੋਹਿਤ ਗੋਇਲ ਅਤੇ ਜ਼ਿਲ੍ਹਾ ਮਹਾਂਮਾਰੀ ਅਧਿਕਾਰੀ ਡਾ. ਸੁਨੀਤਾ ਕੰਬੋਜ ਦੇ ਨਿਰਦੇਸ਼ਾਂ 'ਤੇ ਐੱਸ.ਐਮ.ਓ ਡਾ. ਸੁਰੇਸ਼ ਕੰਬੋਜ ਵਲੋਂ ਹਰ ਸ਼ੁੱਕਰਵਾਰ ਨੂੰ ਡੇਂਗੂ ਵਿਰੁੱਧ ਜੰਗ ਤਹਿਤ ਨਗਰ ਨਿਗਮ ਤੇ ਐਨ.ਵੀ.ਬੀ.ਡੀ.ਸੀ.ਪੀ ਟੀਮ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਜਿਸ ਵਿਚ ਡਾ. ਸੁਰੇਸ਼ ਕੰਬੋਜ ਨੇ ਦੱਸਿਆ ਕਿ ਸਿਹਤ ਵਿਭਾਗ ਹਰ ਸ਼ੁੱਕਰਵਾਰ ਨੂੰ ਵੱਖ-ਵੱਖ ਥੀਮਾਂ ਅਨੁਸਾਰ ਲਾਰਵਾ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ | ਇਸ ਹਫ਼ਤੇ ਡੇਂਗੂ ਹੌਟ ਸਪਾਟ ਖੇਤਰਾਂ ਵਿਚ ਘਰ-ਘਰ ਜਾ ਕੇ ਲਾਰਵਾ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਤਾਂ ਜੋ ਸ਼ਹਿਰ ਵਿਚ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ | ਡੇਂਗੂ ਨੋਡਲ ਅਧਿਕਾਰੀ ਡਾ. ਧਰਮਵੀਰ ਅਰੋੜਾ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਬੁਖ਼ਾਰ ਹੈ, ਤਾਂ ਉਸ ਨੂੰ ਸਿਵਲ ਹਸਪਤਾਲ 'ਚ ਆਪਣਾ ਟੈੱਸਟ ਕਰਵਾਉਣਾ ਚਾਹੀਦਾ ਹੈ | ਡੇਂਗੂ ਦੇ ਮੁੱਖ ਲੱਛਣਾਂ 'ਚ ਤੇਜ਼ ਬੁਖ਼ਾਰ, ਅੱਖਾਂ ਦੇ ਪਿੱਛੇ ਦਰਦ, ਚਿੰਤਾ, ਉਲਟੀਆਂ, ਮਾਸਪੇਸ਼ੀਆਂ 'ਚ ਦਰਦ ਸ਼ਾਮਲ ਹਨ | ਜੇਕਰ ਕਿਸੇ ਨੂੰ ਇਹ ਲੱਛਣ ਹਨ ਤਾਂ ਉਹ ਹਸਪਤਾਲ ਵਿਚ ਆਪਣੇ ਖ਼ੂਨ ਦੀ ਜਾਂਚ ਕਰਵਾ ਸਕਦਾ ਹੈ | ਇਸ ਮੌਕੇ ਐਨ.ਵੀ.ਬੀ.ਡੀ.ਸੀ.ਪੀ. ਇੰਚਾਰਜ ਟਹਿਲ ਸਿੰਘ ਨੇ ਕਿਹਾ ਕਿ ਅੱਜ ਨਗਰ ਨਿਗਮ ਦੀ ਟੀਮ ਦੀ ਇੱਕ ਸਾਂਝੀ ਮੀਟਿੰਗ ਹੋਈ ਤਾਂ ਜੋ ਸ਼ਹਿਰ ਵਿਚ ਬਿਹਤਰ ਤਾਲਮੇਲ ਨਾਲ ਫੋਗਿੰਗ ਤੇ ਲਾਰਵਾ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕੇ | ਇਸ ਮੌਕੇ ਨਗਰ ਨਿਗਮ ਦੀ ਫੌਗਿੰਗ ਟੀਮ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਭੇਜਿਆ ਗਿਆ | ਇਸ ਮੌਕੇ ਨਿਗਮ ਦੇ ਮੁੱਖ ਸੈਨੇਟਰੀ ਇੰਸਪੈਕਟਰ ਜਸਵਿੰਦਰ ਸਿੰਘ, ਕਰਤਾਰ ਸਿੰਘ, ਭਰਤ ਸੇਠੀ, ਪਰਮਜੀਤ ਸਿੰਘ, ਜਗਦੀਸ਼ ਕੁਮਾਰ, ਰਾਜੀਵ ਕੁਮਾਰ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |