ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਫ਼ਾਜ਼ਿਲਕਾ ਦੇ ਸਥਾਨਕ ਆਸ਼ਰਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਅਵਸਰ 'ਤੇ ਇਕ ਵਿਸ਼ਾਲ ਅਧਿਆਤਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਪਾਵਨ ਮੌਕੇ 'ਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਸਰਵਣ ਕੀਤਾ | ਸਾਧਵੀ ਅਮਰਾ ਭਾਰਤੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕੇਵਲ ਇਕ ਇਤਿਹਾਸਿਕ ਘਟਨਾ ਨਹੀਂ, ਸਗੋਂ ਇਕ ਅਧਿਆਤਮਿਕ ਯੁੱਗ ਦੀ ਸ਼ੁਰੂਆਤ ਸੀ | ਗੁਰੂ ਸਾਹਿਬ ਨੇ ਮਨੁੱਖਤਾ ਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਸੱਚਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਗ੍ਰੰਥਾਂ ਵਿਚ ਫ਼ਰਮਾਇਆ ਹੈ ਕਿ ਪ੍ਰਮਾਤਮਾ ਸਾਡੇ ਅੰਦਰ ਨਿਵਾਸ ਕਰਦਾ ਹੈ, ਪਰ ਮਨੁੱਖ ਆਪਣੀ ਅਗਿਆਨਤਾ ਕਾਰਨ ਉਸ ਤੱਕ ਨਹੀਂ ਪਹੁੰਚ ਪਾਉਂਦਾ | ਮਨੁੱਖ ਉਸ ਨੂੰ ਬਾਹਰੀ ਦੁਨੀਆ 'ਚ ਭਾਲਦਾ ਹੈ - ਉਹ ਮੰਦਰਾਂ, ਮਸਜਿਦਾਂ ਅਤੇ ਤੀਰਥ ਸਥਾਨਾਂ 'ਤੇ ਜਾਂਦਾ ਹੈ ਪਰ ਸੱਚਾ ਦਰਸ਼ਨ ਉਦੋਂ ਹੁੰਦਾ ਹੈ ਜਦੋਂ ਪੂਰਨ ਗੁਰੂ ਦੀ ਕਿਰਪਾ ਨਾਲ ਉਹ ਆਪਣੇ ਅੰਦਰ ਝਾਕਦਾ ਹੈ | ਸਾਧਵੀ ਹੋਰਾਂ ਸਮਝਾਇਆ ਕਿ ਪ੍ਰਮਾਤਮਾ ਕੋਈ ਦੂਰ ਦੀ ਸ਼ਕਤੀ ਨਹੀਂ ਹੈ ਸਗੋਂ ਹਰੇਕ ਪ੍ਰਾਣੀ ਦੇ ਅੰਦਰ ਵਿਆਪਕ ਹੈ ਪਰ ਇਹ ਅੰਦਰੂਨੀ ਦਰਸ਼ਨ ਪੂਰਨ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ | ਜਿਸ ਤਰ੍ਹਾਂ ਸੂਰਜ ਦੇ ਪ੍ਰਕਾਸ਼ ਤੋਂ ਬਿਨਾਂ ਹਨੇਰਾ ਦੂਰ ਨਹੀਂ ਹੋ ਸਕਦਾ, ਉਸੇ ਤਰ੍ਹਾਂ ਗੁਰੂ ਦੀ ਕਿਰਪਾ ਤੋਂ ਬਿਨਾਂ ਅਗਿਆਨਤਾ ਦਾ ਪਰਦਾ ਵੀ ਨਹੀਂ ਹਟ ਸਕਦਾ | ਗੁਰੂ ਮਨੁੱਖ ਨੂੰ ਉਹ ਅੰਤਰ-ਦਿ੍ਸ਼ਟੀ ਪ੍ਰਦਾਨ ਕਰਦੇ ਹਨ ਜਿਸ ਨਾਲ ਉਹ ਆਪਣੇ ਅੰਦਰ ਮੌਜੂਦ ਪ੍ਰਮਾਤਮਾ ਦਾ ਸਾਕਸ਼ਾਤਕਾਰ ਕਰ ਸਕਦਾ ਹੈ ਅਤੇ ਉਸ ਨਾਲ ਇੱਕ-ਮਿੱਕ ਹੋ ਸਕਦਾ ਹੈ | ਸਮਾਗਮ ਦੌਰਾਨ ਗੁਰੂ ਭੈਣ ਨੈਂਸੀ ਨੇ ਮਿੱਠੇ ਭਜਨਾਂ ਦਾ ਗਾਇਣ ਕੀਤਾ | ਭਜਨ ਕੀਰਤਨਾਂ ਅਤੇ ਸਿਮਰਨ ਰਾਹੀਂ ਆਸ਼ਰਮ ਦਾ ਕੋਨਾ-ਕੋਨਾ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਗੂੰਜ ਉੱਠਿਆ | ਸਾਧਵੀ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਹੈ - ਉਹ ਧਰਮ, ਜਾਤ, ਪੰਥ ਜਾਂ ਫ਼ਿਰਕੇ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਏਕਤਾ, ਸੱਚ ਅਤੇ ਪ੍ਰੇਮ ਦਾ ਮਾਰਗ ਦਿਖਾਉਂਦੇ ਹਨ | ਪ੍ਰੋਗਰਾਮ ਦੇ ਅੰਤ ਵਿਚ, ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਾਰੇ ਪ੍ਰਾਣੀਆਂ 'ਤੇ ਬਣੀ ਰਹੇ ਅਤੇ ਵਿਸ਼ਵ ਵਿਚ ਸ਼ਾਂਤੀ ਅਤੇ ਪ੍ਰੇਮ ਦਾ ਪ੍ਰਕਾਸ਼ ਫੈਲੇ | ਅੰਤ ਵਿਚ ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ ਅਤੇ ਸਾਰਿਆਂ ਨੇ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੰਕਲਪ ਲਿਆ | ਸਾਧਵੀ ਨੇ ਆਈ ਹੋਈ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |