ਜਲਾਲਾਬਾਦ, 19 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵੱਲੋਂ ਪਿੰਡ ਢੰਡੀ ਕਦੀਮ ਦੇ ਕੋਲ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਸਬੰਧ ਵਿਚ ਅਣਪਛਾਤੇ ਛੋਟਾ ਹਾਥੀ ਡਰਾਈਵਰ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਤਨਾਮ ਦਾਸ ਨੇ ਦੱਸਿਆ ਕਿ ਮੁੱਦਈ ਮੰਗਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਢਾਣੀ ਫੁਲਾ ਸਿੰਘ ਦਾਖਲੀ ਢੰਡੀ ਖ਼ੁਰਦ ਵੱਲੋਂ ਪੁਲਿਸ ਕੋਲ ਅਣਪਛਾਤੇ ਛੋਟਾ ਹਾਥੀ ਦੇ ਡਰਾਈਵਰ ਵਿਰੁੱਧ ਬਿਆਨ ਦਰਜ ਕਰਵਾਏ ਗਏ ਹਨ | ਜਿਸ ਵਿਚ ਮੁੱਦਈ ਮੰਗਲ ਸਿੰਘ ਨੇ ਦੱਸਿਆ ਕਿ ਮਿਤੀ 17-12-2025 ਨੂੰ ਦੇਰ ਸ਼ਾਮ ਕਰੀਬ 3.30 ਵਜੇ ਉਸ ਦਾ ਭਰਾ ਬੱਚਿਆਂ ਨੂੰ ਆਪਣੇ ਮੋਟਰ ਸਾਈਕਲ 'ਤੇ ਲੈਣ ਲਈ ਪਿੰਡ ਢੰਡੀ ਕਦੀਮ ਆਇਆ ਸੀ ਤਾਂ ਰਸਤੇ ਵਿਚ ਇਕ ਛੋਟਾ ਹਾਥੀ ਡਰਾਈਵਰ ਨੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਲਿਆ ਕੇ ਉਸ ਦੇ ਭਰਾ ਦੇ ਮੋਟਰ ਸਾਈਕਲ ਵਿਚ ਮਾਰ ਦਿੱਤਾ, ਜਿਸ ਦੌਰਾਨ ਉਸ ਦੇ ਭਰਾ ਨੂੰ ਗੰਭੀਰ ਸੱਟਾਂ ਲੱਗਣ ਤੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ | ਥਾਣਾ ਸਦਰ ਜਲਾਲਾਬਾਦ ਵਿਖੇ ਪੁਲਿਸ ਨੇ ਮੁੱਦਈ ਮੰਗਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ |