ਮੰਡੀ ਰੋੜਾਂਵਾਲੀ, 19 ਦਸੰਬਰ (ਮਨਜੀਤ ਸਿੰਘ ਬਰਾੜ)-ਲੋਕਾਂ ਨੂੰ ਭੈਮੁਕਤ ਰਾਜ ਦੇਣ ਵਾਲੀ ਸਰਕਾਰ ਦੇ ਰਾਜ ਵਿਚ ਲੋਕ ਘਰਾਂ ਤੋਂ ਬਾਹਰ ਨਿੱਕਲਣ ਸਮੇਂ ਸੌ ਵਾਰ ਸੋਚਣ ਲਈ ਮਜਬੂਰ ਹੋ ਰਹੇ ਹਨ | ਹਲਕੇ ਵਿਚ ਆਏ ਦਿਨ ਵਾਪਰ ਰਹੀਆਂ ਲੁੱਟ, ਖੋਹ, ਚੋਰੀ ਆਦਿ ਦੀਆਂ ਵਾਰਦਾਤਾਂ ਕਾਰਨ ਲੋਕ ਡਾਢੇ ਪ੍ਰੇਸ਼ਾਨ ਹਨ | ਬੀਤੇ ਕੱਲ੍ਹ ਲੁੱਟ ਦਾ ਸ਼ਿਕਾਰ ਹੁੰਦੇ-ਹੁੰਦੇ ਬੱਚੇ ਮੀਨਿਆਂ ਵਾਲਾ ਨਿਵਾਸੀ ਜਸਵੀਰ ਸਿੰਘ ਪੁੱਤਰ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੱਲ੍ਹ ਦੁਪਹਿਰ ਸਮੇਂ ਇਕ ਵਜੇ ਦੇ ਕਰੀਬ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਲਾਲਾਬਾਦ ਤੋਂ ਪਿੰਡ ਨੂੰ ਆ ਰਿਹਾ ਸੀ | ਰਸਤੇ ਵਿਚ ਪਿੰਡ ਮਹਾਲਮ 'ਤੇ ਢਾਬ ਘੜਿਆਲ ਉਰਫ਼ ਢਾਬਾਂ ਦੇ ਵਿਚਾਰ ਬਣੇ ਪਟਰੋਲ ਪੰਪ ਦੇ ਨਜ਼ਦੀਕ ਪਲਸਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਦ ਉਸ ਨੇ ਆਪਣਾ ਮੋਟਰਸਾਈਕਲ ਨਾ ਰੋਕਿਆਂ ਤਾਂ ਉਨ੍ਹਾਂ ਨੇ ਦੋ ਵਾਰ ਉਸ ਨੂੰ ਮੋਟਰਸਾਈਕਲ ਤੋਂ ਡੇਗਣ ਦੀ ਕੋਸ਼ਿਸ਼ ਕੀਤੀ | ਜਦ ਉਹ ਆਪਣਾ ਮੋਟਰਸਾਈਕਲ ਰੋਕ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਖੜ੍ਹਾ ਹੋਇਆ ਤਾਂ ਉਕਤ ਦੋਨੋਂ ਨੌਜਵਾਨ ਉਸ ਦੇ ਗਲ ਪੈ ਗਏ 'ਤੇ ਉਸ ਤੋਂ ਉਸ ਦਾ ਪਰਸ ਅਤੇ ਮੋਬਾਈਲ ਫ਼ੋਨ ਖੋਹਣ ਲੱਗੇ | ਜਦ ਉਸ ਨੇ ਰੌਲਾ ਪਾਇਆ ਤਾਂ ਪਟਰੋਲ ਪੰਪ ਤੇ ਆਪਣੇ ਮੋਟਰਸਾਈਕਲ ਵਿਚ ਪਟਰੋਲ ਪੁਆ ਰਹੇ ਦੋ ਜਾਣੇ ਉਸ ਦਾ ਰੌਲਾ ਸੁਣ ਕੇ ਭੱਜੇ ਅਤੇ ਉਸ ਨੂੰ ਲੁੱਟ ਤੋਂ ਬਚਾਇਆ | ਉਕਤ ਨੌਜਵਾਨ ਲੁਟੇਰੇ ਇਕੱਠ ਹੁੰਦਿਆਂ ਵੇਖ ਕੇ ਉੱਥੋਂ ਆਪਣਾ ਮੋਟਰਸਾਈਕਲ ਲੈ ਕੇ ਭੱਜ ਨਿਕਲੇ | ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ |