ਫ਼ਾਜ਼ਿਲਕਾ, 19 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਜਲਾਲਾਬਾਦ, ਅਰਨੀਵਾਲਾ ਪੰਚਾਇਤ ਸੰਮਤੀਆਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਜਲਾਲਾਬਾਦ ਦੇ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਵਿਕਾਸ ਕੰਮਾਂ ਦੀ ਜਿੱਤ ਕਰਾਰ ਦਿੱਤਾ ਹੈ | ਪੈੱ੍ਰਸ ਨੂੰ ਜਾਰੀ ਬਿਆਨ ਵਿਚ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਵੋਟਰਾਂ ਨੇ ਹਲਕੇ ਅੰਦਰ ਹੋਏ ਵਿਕਾਸ ਕੰਮਾਂ 'ਤੇ ਮੋਹਰ ਲਗਾਈ ਹੈ | ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਕਹਾਉਂਦੇ ਆਗੂਆਂ ਨੇ ਆਪਣੀ ਸਰਕਾਰ ਸਮੇਂ ਉਹ ਕੰਮ ਨਹੀਂ ਕੀਤੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕੀਤੇ | ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਬਾਅਦ ਹਲਕੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਲਈ ਨਸੀਬ ਹੋਇਆ | ਨਵੀਆਂ ਨਹਿਰਾਂ ਬਣਵਾਈਆਂ ਗਈਆਂ, ਨਹਿਰੀ ਪਾਣੀ ਨਾ ਆਉਣ ਕਰਕੇ ਵਾਹੇ ਹੋਏ ਨਹਿਰੀ ਖਾਲ਼ੇ ਮੁੜ ਉਸਾਰੇ ਗਏ | ਜਿੱਥੇ 300 ਯੂਨਿਟ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ ਉੱਥੇ ਹੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਦਿੱਕਤ ਨਹੀਂ ਆਉਣ ਦਿੱਤੀ | ਪਿੰਡਾਂ ਅੰਦਰ ਖੇਡ ਸਟੇਡੀਅਮ, ਸੱਥਾਂ, ਗੰਦੇ ਪਾਣੀ ਦੀ ਨਿਕਾਸੀ ਲਈ ਖਾਲ਼ਿਆਂ ਦਾ ਨਿਰਮਾਣ, ਬੰਦ ਪਏ ਕਮਿਊਨਿਟੀ ਸੈਂਟਰ, ਲਾਇਬਰੇਰੀਆਂ ਸ਼ੁਰੂ ਕਰਵਾਈਆਂ | ਉਨ੍ਹਾਂ ਕਿਹਾ ਕਿ ਵੋਟਰ ਕਿਸੇ ਵੀ ਪਾਰਟੀ ਧਰਵਾਸਿਆਂ ਵਿਚ ਨਹੀਂ ਆਏ | ਉਨ੍ਹਾਂ ਕੰਮਾਂ ਦੀ ਪਹਿਚਾਣ ਨੂੰ ਵੋਟ ਪਾਈ ਹੈ |