ਫ਼ਾਜ਼ਿਲਕਾ, 19 ਦਸੰਬਰ (ਦਵਿੰਦਰ ਪਾਲ ਸਿੰਘ)-ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਪਿਛਲੇ 24 ਸਾਲਾਂ ਤੋਂ ਪੂਰੇ ਭਾਰਤ ਅਤੇ 18 ਸਾਲਾਂ ਤੋਂ ਪੂਰੇ ਏਸ਼ੀਆ ਦੇ ਸੱਭ ਤੋਂ ਤਾਕਤਵਰ ਇਨਸਾਨ ਵਜੋਂ ਜਾਣੇ ਜਾਂਦੇ ਮਨੋਜ ਚੋਪੜਾ ਸਰਵ ਹਿਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਪਹੁੰਚੇ | ਉਨ੍ਹਾਂ ਦੇ ਨਾਲ ਪਿੰਡ ਸੈਣੀਆਂ ਦੇ ਸਰਪੰਚ ਬਲਕਾਰ ਸਿੰਘ ਅਤੇ ਪੰਚਾਇਤ ਸੈਕਟਰੀ ਲੋਕੇਸ਼ ਅਰੋੜਾ ਵੀ ਮੌਜੂਦ ਸਨ | ਵਿੱਦਿਆ ਮੰਦਰ ਵਿਖੇ ਤਿਲਕ ਲਗਾ ਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਏਸ਼ੀਆ ਦੇ ਸਭ ਤੋਂ ਤਾਕਤਵਰ ਇਨਸਾਨ ਮਨੋਜ ਚੋਪੜਾ ਬੱਚਿਆਂ ਲਈ ਉਤਸ਼ਾਹ ਦਾ ਕੇਂਦਰ ਬਣੇ | ਉਨ੍ਹਾਂ ਨੇ ਆਪਣੀ ਤਾਕਤ ਦਾ ਰਾਜ਼ ਪੰਜਾਬ ਦੀ ਪਰਵਰਿਸ਼ ਅਤੇ ਪੰਜਾਬੀ ਖਾਣ-ਪੀਣ ਨੂੰ ਦੱਸਿਆ | ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ 'ਸਟਰਾਂਗੈਸਟ ਮੈਨ' ਮੁਕਾਬਲਿਆਂ ਦੌਰਾਨ ਜਹਾਜ਼ ਨੂੰ ਧੱਕਣਾ, ਕਾਰਾਂ ਨੂੰ ਪਲਟਣਾ ਅਤੇ ਭਾਰੀ ਪੱਥਰਾਂ ਨੂੰ ਜਲਦੀ ਚੁੱਕਣ ਵਰਗੇ ਕਠਨ ਮੁਕਾਬਲਿਆਂ ਵਿਚ ਵਿਰੋਧੀਆਂ ਨੂੰ ਪਛਾੜ ਕੇ ਕੈਨੇਡਾ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ | ਉਨ੍ਹਾਂ ਨੇ ਬੱਚਿਆਂ ਦੇ ਸਾਹਮਣੇ ਮੋਟੀ ਕਿਤਾਬ ਨੂੰ ਇੱਕੋ ਵਾਰ ਪਾੜਨਾ, ਭਾਰੀ ਲੋਹੇ ਦੇ ਤਵੇ ਨੂੰ ਹੱਥਾਂ ਨਾਲ ਮੋੜਨਾ ਅਤੇ ਕਾਰ ਦੀ ਨੰਬਰ ਪਲੇਟ ਨੂੰ ਹੱਥਾਂ ਨਾਲ ਦੋ ਹਿੱਸਿਆਂ ਵਿਚ ਤੋੜਨ ਵਰਗੇ ਕਈ ਹੈਰਾਨੀਜਨਕ ਕਰਤਬ ਦਿਖਾਏ | ਆਪਣੀ ਜਿੱਤੀ ਹੋਈ ਜਰਸੀ ਅਤੇ ਇੰਟਰਨੈਸ਼ਨਲ ਮੈਡਲ ਦਿਖਾਉਂਦਿਆਂ ਉਨ੍ਹਾਂ ਨੇ ਬੱਚਿਆਂ ਨੂੰ ਅਜਿਹੇ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ | ਮਨੋਜ ਚੋਪੜਾ ਨੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਨਿਰਧਾਰਿਤ ਕਰਨ ਅਤੇ ਉਸ ਨੂੰ ਪਾਉਣ ਲਈ ਅਣਥੱਕ ਮਿਹਨਤ ਕਰਨ ਲਈ ਕਿਹਾ | ਉਨ੍ਹਾਂ ਨੇ ਲੜਕੀਆਂ ਨੂੰ ਸਿਰਫ਼ ਘਰੇਲੂ ਕੰਮਾਂ ਤੱਕ ਸੀਮਤ ਨਾ ਰਹਿ ਕੇ ਸਮਾਜ ਵਿਚ ਉੱਚੇ ਅਹੁਦੇ ਹਾਸਲ ਕਰਨ ਅਤੇ ਲੜਕਿਆਂ ਨੂੰ ਚੈਂਪੀਅਨ ਬਣਨ ਲਈ ਉਤਸ਼ਾਹਿਤ ਕੀਤਾ | ਵਿੱਦਿਆ ਮੰਦਰ ਮੈਨੇਜਿੰਗ ਕਮੇਟੀ ਅਤੇ ਪਿ੍ੰਸੀਪਲ ਮਧੂ ਸ਼ਰਮਾ ਨੇ ਉਨ੍ਹਾਂ ਦੇ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ ਅਤੇ ਧੰਨਵਾਦ ਪ੍ਰਗਟਾਇਆ | ਪਿ੍ੰਸੀਪਲ ਮਧੂ ਸ਼ਰਮਾ ਨੇ ਉਨ੍ਹਾਂ ਨੂੰ ਲੋਈ (ਸ਼ਾਲ) ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ |