ਫ਼ਾਜ਼ਿਲਕਾ, 20 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਸਬ ਜੇਲ੍ਹ ਵਿਚ ਅਚਾਨਕ ਪੁਲਿਸ ਟੀਮ ਪਹੁੰਚੀ, ਜਿਨ੍ਹਾਂ ਵਲੋਂ ਜੇਲ੍ਹ ਵਿਚ ਬੰਦ ਹਵਾਲਾਤੀਆਂ ਅਤੇ ਬੈਰਕਾਂ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ਇਕ-ਇਕ ਹਵਾਲਾਤੀ ਦੀ ਬਾਰੀਕੀ ਨਾਲ ਜਾਂਚ ਹੋਈ | ਟੀਮ ਦੀ ਅਗਵਾਈ ਫ਼ਾਜ਼ਿਲਕਾ ਦੇ ਡੀ. ਐੱਸ. ਪੀ. ਬਲਵਿੰਦਰ ਸਿੰਘ ਨੇ ਕੀਤੀ | ਉਨ੍ਹਾਂ ਦੱਸਿਆ ਕਿ ਮੋਬਾਈਲ ਫ਼ੋਨ ਅਤੇ ਨਸ਼ਿਆਂ ਨਾਲ ਸਬੰਧਿਤ ਸ਼ੱਕੀ ਵਸਤੂਆਂ ਦੀ ਜਾਂਚ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਡੀ.ਐੱਸ.ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਫ਼ਾਜ਼ਿਲਕਾ ਦੀ ਪੁਰਾਣੀ ਕਚਹਿਰੀ ਵਿਚ ਬਣੀ ਸਬ ਜੇਲ੍ਹ ਵਿਚ ਕਰੀਬ 82 ਹਵਾਲਾਤੀ ਬੰਦ ਹਨ ਅਤੇ ਇੱਥੇ ਤਿੰਨ ਬੈਰਕਾਂ ਹਨ | ਜਾਂਚ ਦੌਰਾਨ ਕਿਸੇ ਕੋਲੋਂ ਵੀ ਕੋਈ ਮੋਬਾਈਲ, ਸ਼ੱਕੀ ਵਸਤੂ ਜਾਂ ਨਸ਼ੇ ਨਾਲ ਸਬੰਧਿਤ ਕੋਈ ਸਮਗਰੀ ਬਰਾਮਦ ਨਹੀਂ ਹੋਈ | ਇਸ ਜਾਂਚ ਲਈ ਉਹ 30 ਪੁਲਿਸ ਮੁਲਾਜ਼ਮਾਂ ਦੀ ਟੀਮ ਨਾਲ ਮੌਕੇ 'ਤੇ ਪਹੁੰਚੇ ਸਨ, ਜਿਸ ਵਿਚ ਸਿਟੀ ਥਾਣੇ ਦੇ ਐੱਸ.ਐੱਚ.ਓ. ਲੇਖਰਾਜ ਅਤੇ ਹੋਰ ਪੁਲਿਸ ਟੀਮਾਂ ਵੀ ਸ਼ਾਮਲ ਸਨ | ਸਬ ਜੇਲ੍ਹ ਦੇ ਅੰਦਰ ਜਿੱਥੇ ਬੈਰਕਾਂ ਦੀ ਜਾਂਚ ਹੋਈ, ਉੱਥੇ ਹੀ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਵੀ ਲਈ ਗਈ | ਚੈਕਿੰਗ ਤੋਂ ਬਾਅਦ ਬਾਹਰ ਨਿਕਲੇ ਡੀ.ਐੱਸ.ਪੀ. ਨੇ ਦੱਸਿਆ ਕਿ ਫ਼ਿਲਹਾਲ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ | ਡੀ.ਐੱਸ.ਪੀ. ਬਲਵਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਜੇਕਰ ਭਵਿੱਖ ਵਿਚ ਕੋਈ ਮੋਬਾਈਲ ਜਾਂ ਨਸ਼ੇ ਨਾਲ ਸਬੰਧਿਤ ਸ਼ੱਕੀ ਵਸਤੂ ਬਰਾਮਦ ਹੁੰਦੀ ਹੈ, ਤਾਂ ਸਬੰਧਿਤ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |