ਫ਼ਾਜ਼ਿਲਕਾ, 20 ਦਸੰਬਰ (ਦਵਿੰਦਰ ਪਾਲ ਸਿੰਘ)-ਸਿੱਖਿਆ ਵਿਭਾਗ ਅਤੇ ਐੱਸ.ਸੀ.ਈ.ਆਰ.ਟੀ. ਪੰਜਾਬ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਪਿ੍ੰਸੀਪਲ ਹਰੀ ਚੰਦ ਕੰਬੋਜ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਵਿਖੇ ਮੈਗਾ ਪੀ.ਟੀ.ਐਮ. (ਮਾਪੇ-ਅਧਿਆਪਕ ਮਿਲਣੀ) ਦਾ ਆਯੋਜਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਲੈਕਚਰਾਰ ਸੰਦੀਪ ਅਨੇਜਾ ਨੇ ਦੱਸਿਆ ਕਿ ਨਵੰਬਰ ਅਤੇ ਦਸੰਬਰ ਮਹੀਨੇ ਵਿਚ ਹੋਈਆਂ ਦੋ-ਮਾਸਿਕ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ, ਕੈਰੀਅਰ ਗਾਈਡੈਂਸ ਅਤੇ ਸਰਬਪੱਖੀ ਵਿਕਾਸ ਆਦਿ 'ਤੇ ਚਰਚਾ ਕਰਨ ਲਈ ਰੱਖੀ ਗਈ ਇਸ ਮੈਗਾ ਪੀ.ਟੀ.ਐਮ. ਵਿਚ 70 ਫ਼ੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦਾ ਨਤੀਜਾ ਪ੍ਰਾਪਤ ਕਰਨ ਲਈ ਸਕੂਲ ਹਾਜ਼ਰ ਹੋਏ | ਇਸ ਮੌਕੇ ਫ਼ਾਜ਼ਿਲਕਾ ਦੇ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਵਿਸ਼ੇਸ਼ ਤੌਰ 'ਤੇ ਸਕੂਲ ਦਾ ਦੌਰਾ ਕਰਨ ਪਹੁੰਚੇ | ਪਿ੍ੰਸੀਪਲ ਹਰੀ ਚੰਦ ਕੰਬੋਜ, ਨੈਸ਼ਨਲ ਐਵਾਰਡੀ ਪਿ੍ੰਸੀਪਲ ਰਾਜਿੰਦਰ ਵਿਖੋਨਾ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਡਿਪਟੀ ਕਮਿਸ਼ਨਰ ਮੈਡਮ ਨੇ ਸਕੂਲ ਆਏ ਮਾਪਿਆਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਨਾਲ ਹੀ ਵਿਦਿਆਰਥੀਆਂ ਦੇ ਜੀਵਨ ਅਤੇ ਕੈਰੀਅਰ ਨੂੰ ਇੱਕ ਨਵੀਂ ਦਿਸ਼ਾ ਮਿਲਦੀ ਹੈ | ਉਨ੍ਹਾਂ ਨੇ ਸਕੂਲ ਦੀ ਆਰਟ ਐਂਡ ਕਰਾਫ਼ਟ ਅਧਿਆਪਕਾ ਸੁਮਨ ਬਾਲਾ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਤੇ ਮਾਪਿਆਂ ਨੂੰ ਸਹਿ-ਵਿਦਿਅਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ | 6ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਕਲਾਸ ਇੰਚਾਰਜਾਂ ਨੇ ਆਏ ਹੋਏ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪ੍ਰਗਤੀ ਰਿਪੋਰਟ ਦੱਸੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਬਾਰੇ ਚਰਚਾ ਕੀਤੀ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਲੈਕਚਰਾਰ ਧਰਮਿੰਦਰ ਗੁਪਤਾ, ਸੰਦੀਪ ਅਨੇਜਾ, ਰਾਜੇਸ਼ ਤਨੇਜਾ, ਰਾਕੇਸ਼ ਜੁਨੇਜਾ, ਗੌਰਵ ਕੁਮਾਰ, ਵਿਕਾਸ ਛਾਬੜਾ, ਦਵਿੰਦਰ ਸਿੰਘ ਮਾਨ, ਵਿਜੇ ਗੁਪਤਾ, ਅਜੇ ਗੁਪਤਾ, ਵਿਕਰਮ ਸਿੰਘ, ਵਿਨੋਦ ਕੁਮਾਰ, ਸ਼ੀਨਮ, ਸੁਧਾ ਬਾਲਾ, ਸੁਮਨ ਲਤਾ, ਇੰਦੂ, ਰੁਚੀ, ਮੀਨੂ, ਰੌਮੀ ਕਟਾਰੀਆ, ਸੁਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਸੰਦੀਪ ਸੇਤੀਆ, ਅਸ਼ੋਕ ਧਮੀਜਾ, ਹਰਜਿੰਦਰ ਸਿੰਘ, ਧਰਮਚੰਦ ਅਤੇ ਹੋਰ ਸਾਰੇ ਸਟਾਫ਼ ਮੈਂਬਰਾਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ |