ਫ਼ਾਜ਼ਿਲਕਾ, 20 ਦਸੰਬਰ (ਦਵਿੰਦਰ ਪਾਲ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਲਾਲਾ ਸੁਨਾਮ ਰਾਏ ਮੈਮੋਰੀਅਲ ਹਾਲ ਵਿਖੇ ਪੈਨਸ਼ਨਰਜ਼ ਦਿਵਸ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਸਾਥੀ ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਨੇ ਕੀਤੀ ਅਤੇ ਸਟੇਜ ਦਾ ਸੰਚਾਲਨ ਸਾਥੀ ਪ੍ਰੇਮ ਕੁਮਾਰ ਜਨਰਲ ਸਕੱਤਰ ਨੇ ਕੀਤਾ | ਪੈਨਸ਼ਨਰਜ਼ ਦਿਵਸ ਸਮਾਰੋਹ ਵਿਚ 75 ਸਾਲ ਉਮਰ ਦੇ ਸਾਥੀ ਸੈਮੂਅਲ ਮਸੀਹ ਪੈਨਸ਼ਨਰਜ਼ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮਾਰੋਹ ਦੇ ਮੁੱਖ ਮਹਿਮਾਨ ਤੇ ਸੀਨੀਅਰ ਸਾਥੀ ਗੁਰਚਰਨ ਸਿੰਘ ਅਰੋੜਾ ਜ਼ਿਲ੍ਹਾ ਸਰਪ੍ਰਸਤ ਦਾ ਸਨਮਾਨ ਕੀਤਾ ਗਿਆ | ਪੈਨਸ਼ਨਰਜ਼ ਸਮਾਗਮ ਵਿਚ ਇਕੱਤਰ ਹੋਏ ਪੈਨਸ਼ਨਰਜ਼ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸਮਾਰੋਹ ਦੇ ਮੁੱਖ ਮਹਿਮਾਨ ਗੁਰਚਰਨ ਸਿੰਘ ਅਰੋੜਾ ਨੇ ਹਰ ਸਾਲ ਪੈਨਸ਼ਨਰਜ਼ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ 1982 ਵਿਚ ਦਿੱਤੇ ਗਏ ਮਹੱਤਵਪੂਰਨ ਤੇ ਇਤਿਹਾਸਕ ਫ਼ੈਸਲੇ ਵਿਚ ਕਿਹਾ ਸੀ ਕਿ ਪੈਨਸ਼ਨ ਪੈਨਸ਼ਨਰਾਂ ਦਾ ਹੱਕ ਹੈ ਇਹ ਕੋਈ ਦਾਨ ਨਹੀਂ ਹੈ | ਪੈਨਸ਼ਨਰਜ਼ ਦੇ ਅਧਿਕਾਰਾਂ ਦੀ ਰਾਖੀ ਲਈ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ | ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਖੁੰਗਰ ਨੇ ਸਮਾਗਮ ਵਿਚ ਪੈਨਸ਼ਨਰਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਆਪ ਦੀ ਭਗਵੰਤ ਸਰਕਾਰ ਛੇਵੇਂ ਤਨਖ਼ਾਹ ਕਮਿਸ਼ਨ ਦੀਆ ਸਿਫ਼ਾਰਸ਼ਾਂ 2.59 ਨੂੰ ਲਾਗੂ ਕਰਨ ਤੋ ਮੁਨਕਰ ਹੋਈ ਬੈਠੀ ਹੈ 'ਤੇ ਇਹ ਵੀ ਸਤਰ ਸਾਲ ਵਿਚ ਪਹਿਲੀ ਵਾਰ ਹੋਇਆ ਕਿ ਪੰਜਾਬ ਵਿਚ ਆਪ ਸਰਕਾਰ ਨੇ 16% ਡੀ ਏ ਜਾਮ ਕਰ ਰੱਖਿਆ ਹੈ | ਸਮਾਗਮ ਵਿਚ ਇਕ ਮਤੇ ਰਾਹੀ ਸਾਥੀ ਇੰਦਰ ਮੋਹਨ ਰਿਟਾਇਰਡ ਪਟਵਾਰੀ ਨੂੰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਥੀ ਇੰਦਰ ਮੋਹਨ ਨੇ ਜੁੜੇ ਪੈਨਸ਼ਨਰਜ਼ ਸਾਥੀਆ ਨੂੰ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਦਾ ਘੇਰਾ ਵਿਸ਼ਾਲ ਕਰਨ ਲਈ ਉਨ੍ਹਾਂ ਦੇ ਰਿਟਾਇਰਡ ਪਟਵਾਰੀ ਸਾਥੀ ਪੂਰਨ ਸਹਿਯੋਗ ਕਰਨਗੇ | ਸਮਾਗਮ ਨੂੰ ਸਾਥੀ ਸ਼ਸ਼ੀਕਾਂਤ ਪੈੱ੍ਰਸ ਸਕੱਤਰ, ਮਾਸਟਰ ਸੁਰਿੰਦਰ ਕੁਮਾਰ ਤੇ ਰਜਿੰਦਰ ਸਿੰਘ, ਪ੍ਰਕਾਸ਼ ਦੋਸ਼ੀ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਗਰੋਵਰ, ਕੁਲਜੀਤ ਸਿੰਘ ਅਹੂਜਾ, ਸੁਰਿੰਦਰ ਪਾਲ ਮਦਾਨ, ਸੁਖਦੇਵ ਮਸੀਹ, ਨੱਥਾ ਸਿੰਘ, ਸੁਭਾਸ਼ ਸ਼ਰਮਾ, ਅਸ਼ਵਨੀ ਕੁਮਾਰ, ਮਿਲਖ ਰਾਜ, ਜੀਤ ਸਿੰਘ ਛਾਬੜਾ ਸਾਰੇ ਮੀਤ ਪ੍ਰਧਾਨ ਅਤੇ ਕਿਸ਼ੋਰ ਚੰਦ ਪੁੰਛੀ ਨੇ ਸੰਬੋਧਨ ਕੀਤਾ ਅਤੇ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਨੂੰ ਹੋਰ ਮਜ਼ਬੂਤ ਕਰਨ ਦਾ ਸਦਾ ਦਿੱਤਾ | ਸਮਾਗਮ ਵਿਚ ਜੁੜੇ ਪੈਨਸ਼ਨਰਜ਼ ਲਈ ਚਾਹ ਪਾਣੀ ਤੇ ਰਿਫਰੈਸ਼ਮੈਂਟ ਦੇ ਕੀਤੇ ਗਏ ਵਧੀਆ ਇੰਤਜ਼ਾਮ ਲਈ ਸੁਭਾਸ਼ ਸ਼ਰਮਾ ਦੀ ਟੀਮ ਦੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ |